ਐਸ.ਡੀ.ਐਮ.ਬਲਬੀਰ ਰਾਜ ਵਲੋਂ ਕਰਤਾਰਪੁਰ ਦਾਣਾ ਮੰਡੀ ਦਾ ਦੌਰਾ ਕਣਕ ਦੀ ਖ਼ਰੀਦ ਲਈ ਕੀਤੇ ਜਾ ਰਹੇ ਪ੍ਰਬੰਧਾਂ ਦਾ ਲਿਆ ਜਾਇਜ਼ਾ

ਕਰਤਾਰਪੁਰ,
ਮੰਡੀਆਂ ਵਿੱਚ ਕਣਕ ਦੀ ਸੁਚਾਰੂ ਖ਼ਰੀਦ ਨੂੰ ਯਕੀਨੀ ਬਣਾਉਣ ਲਈ ਉਪ ਮੰਡਲ ਮੈਜਿਸਟਰੇਟ ਜਲੰਧਰ-1 ਬਲਬੀਰ ਰਾਜ ਵਲੋਂ ਅੱਜ ਕਰਤਾਰਪੁਰ ਦਾਣਾ ਮੰਡੀ ਦਾ ਦੌਰਾ ਕਰਕੇ ਕਣਕ ਦੀ ਖ਼ਰੀਦ ਲਈ ਕੀਤੇ ਜਾ ਰਹੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ।

ਇਸ ਮੌਕੇ ਉਨਾਂ ਦੱਸਿਆ ਕਿ ਡਿਪਟੀ ਕਮਿਸ਼ਨਰ, ਜਲੰਧਰ ਡਾ.ਹਿਮਾਂਸ਼ੂ ਅਗਰਵਾਲ ਦੀਆਂ ਹਦਾਇਤਾਂ ’ਤੇ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਕਣਕ ਦੀ ਸੁਚੱਜੀ ਖ਼ਰੀਦ ਲਈ ਪੁਖ਼ਤਾ ਇੰਤਜ਼ਾਮਾਂ ਨੂੰ ਯਕੀਨੀ ਬਣਾਇਆ ਗਿਆ ਹੈ।

ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ 10 ਅਪ੍ਰੈਲ ਤੋਂ ਕਣਕ ਦੀ ਆਮਦ ਸ਼ੁਰੂ ਹੋ ਜਾਵੇਗੀ। ਉਨ੍ਹਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਵਲੋਂ ਪਹਿਲਾਂ ਹੀ ਵੱਖ-ਵੱਖ ਖ਼ਰੀਦ ਏਜੰਸੀਆਂ, ਮਾਰਕਿਟ ਕਮੇਟੀਆਂ ਤੇ ਸਿਵਲ ਤੇ ਫੂਡ ਸਪਲਾਈ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ ਕਿ ਮੰਡੀਆਂ ਵਿੱਚ ਕਣਕ ਲੈ ਕੇ ਆਉਣ ਵਾਲੇ ਕਿਸਾਨਾਂ ਨੂੰ ਕਿਸੇ ਕਿਸਮ ਦੀ ਕੋਈ ਪਰੇਸ਼ਾਨੀ ਪੇਸ਼ ਨਹੀਂ ਆਉਣੀ ਚਾਹੀਦੀ।

ਉਨ੍ਹਾਂ ਦੱਸਿਆ ਕਿ ਕਿਸਾਨਾਂ ਦੀ ਸਹੂਲਤ ਲਈ ਮੰਡੀਆਂ ਵਿੱਚ ਪੀਣ ਵਾਲੇ ਪਾਣੀ, ਸਾਫ਼ ਸਫਾਈ, ਛਾਂ, ਪਖ਼ਾਨੇ, ਲਾਈਟਾਂ ਅਤੇ ਹੋਰ ਜਰੂਰੀ ਪ੍ਰਬੰਧਾਂ ਨੂੰ ਸਮੇਂ ਸਿਰ ਮੁਕੰਮਲ ਕੀਤਾ ਜਾ ਰਿਹਾ ਹੈ। ਇਸ ਮੌਕੇ ਉਨ੍ਹਾਂ ਨੇ ਵੱਖ-ਵੱਖ ਖ਼ਰੀਦ ਏਜੰਸੀਆਂ, ਮਾਰਕਿਟ ਕਮੇਟੀਆਂ, ਆੜਤੀਆਂ ਅਤੇ ਖੁਰਾਕ ਤੇ ਸਿਵਲ ਵਿਭਾਗ ਦੇ ਅਧਿਕਾਰੀਆਂ ਨਾਲ ਵੀ ਗੱਲਬਾਤ ਕੀਤੀ ਗਈ ਅਤੇ ਕੀਤੇ ਜਾ ਰਹੇ ਪ੍ਰਬੰਧਾਂ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਹਾਸਿਲ ਕੀਤੀ।

ਕੈਪਸ਼ਨ – ਕਰਤਾਰਪੁਰ ਦਾਣਾ ਮੰਡੀ ਵਿਖੇ ਖਰੀਦ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਮੌਕੇ ਐਸ ਡੀ ਐਮ ਬਲਬੀਰ ਰਾਜ ।

Leave a Comment

Your email address will not be published. Required fields are marked *

Scroll to Top