ਜਲੰਧਰ- ਪੰਜਾਬ ਦੇ ਸਾਬਕਾ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸੁੱਚਾ ਸਿੰਘ ਲੰਗਾਹ ਦੇ ਪੁੱਤਰ ਪ੍ਰਕਾਸ਼ ਸਿੰਘ ਲੰਗਾਹ ਨੂੰ ਸ਼ਿਮਲਾ ਪੁਲਸ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਸ਼ਿਮਲਾ ਪੁਲਸ ਨੇ ਗੁਪਤ ਸੂਚਨਾ ਦੇ ਆਧਾਰ ‘ਤੇ ਕਾਰਵਾਈ ਕਰਦੇ ਹੋਏ ਸ਼ਿਮਲਾ ਦੇ ਬੱਸ ਸਟੈਂਡ ਨੇੜਿਓਂ ਇਕ ਹੋਟਲ ‘ਚੋਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਸ਼ਿਮਲਾ ਪੁਲਸ ਨੇ 42 ਗ੍ਰਾਮ ਚਿੱਟੇ ਸਣੇ ਪ੍ਰਕਾਸ਼ ਲੰਗਾਹ ਨੂੰ 1 ਔਰਤ ਸਾਥੀ ਸਮੇਤ ਕੁਲ 5 ਨੂੰ ਗ੍ਰਿਫ਼ਤਾਰ ਕੀਤਾ ਹੈ।
ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਪ੍ਰਕਾਸ਼ ਸਿੰਘ (37) ਪੁੱਤਰ ਸੁੱਚਾ ਸਿੰਘ ਲੰਗਾਹ ਵਾਸੀ ਮਕਾਨ ਨੰਬਰ 512 ਸੈਕਟਰ 36 ਚੰਡੀਗੜ੍ਹ, ਅਵਨੀ (19) ਪੁੱਤਰੀ ਵਿਕਾਸ ਨੇਗੀ ਵਾਸੀ ਪਿੰਡ ਸਾਂਗਲਾ, ਕਿਨੌਰ, ਅਜੈ ਕੁਮਾਰ (27) ਪੁੱਤਰ ਚਮਨ ਲਾਲ, ਵੀ.ਪੀ.ਓ. ਨਰਖੇਰੀਆ, ਪਟਿਆਲਾ, ਅਤੇ ਸ਼ੁਭਮ ਕੌਸ਼ਲ (26) ਪੁੱਤਰ ਸੰਦੀਪ ਕੌਸ਼ਲ ਮਕਾਨ ਨੰਬਰ 204, ਬਲਾਕ-ਏ ਕਾਂਸਲ ਸੈਕਟਰ 1, ਚੰਡੀਗੜ੍ਹ, ਅਤੇ ਬਲਵਿੰਦਰ (22) ਪੁੱਤਰ ਕੁਲਦੀਪ ਸਿੰਘ ਵਾਸੀ ਪਿੰਡ ਨੱਡਾ, ਨਵਾਂ ਗਾਓਂ ਮੋਹਾਲੀ ਵਜੋਂ ਹੋਈ ਹੈ।
ਪੁਲਸ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਐੱਨ.ਡੀ.ਪੀ.ਐੱਸ. ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਅਗਲੀ ਕਾਰਵਾਈ ਆਰੰਭ ਦਿੱਤੀ ਗਈ ਹੈ।

















































