ਮੁਕੇਰੀਆ ( ਬਿਊਰੋ ਰਿਪੋਰਟ) – ਜਿਹੜਾ ਵਿਅਕਤੀ ਆਪਣੇ ਪਰਿਵਾਰ ਦਾ ਸਕਾ ਨਹੀਂ ਹੋਇਆ ਉਹ ਪੰਜਾਬ ਦਾ ਪੁੱਤ ਨਹੀਂ ਕਪੁੱਤ ਹੈ। ਜਿਹੜਾ ਦਿੱਲੀ ਅੱਗੇ ਗੋਡੇ ਟੇਕ ਕੇ ਪੰਜਾਬ ਦੇ ਹੱਕਾਂ ਤੇ ਹਿੱਤਾਂ ਨੂੰ ਵੇਚ ਰਿਹਾ ਹੈ,ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਵੱਲੋਂ ਮੁਕੇਰੀਆ ਵਿਖੇ ਪਾਰਟੀ ਦੇ ਜਨਰਲ ਸਕੱਤਰ ਤੇ ਹਲਕਾ ਇੰਚਾਰਜ ਸ. ਸਰਬਜੋਤ ਸਿੰਘ ਸਾਬੀ ਦੀ ਅਗਵਾਈ ਹੇਠ ਕਰਵਾਏ ਗਏ ਵਰਕਰ ਸੰਮੇਲਨ ਦੌਰਾਨ ਠਾਠਾ ਮਾਰਦੇ ਇਕੱਠ ਨੂੰ ਸੰਬੋਧਨ ਕਰਦਿਆ ਕੀਤਾ। ਸ. ਮਜੀਠੀਆ ਨੇ ਅੱਗੇ ਕਿਹਾ ਕਿ ਆਉਣ ਵਾਲੀ ਲੋਕ ਸਭਾ ਚੋਣ ਵਿੱਚ ਆਮ ਆਦਮੀ ਪਾਰਟੀ ਦੀ ਹਾਰ ਤੈਅ ਹੈ ਤੇ ਇਸ ਹਾਰ ਦੇ ਬਾਅਦ ਅਰਵਿੰਦ ਕੇਜਰੀਵਾਲ ਵੱਲੋਂ ਭਗਵੰਤ ਮਾਨ ਦੀ ਮੁੱਖ ਮੰਤਰੀ ਵਜ੍ਹੋਂ ਸਿਆਸੀ ਬਲੀ ਦੇ ਕੇ ਕੁਲਤਾਰ ਸਿੰਘ ਸੰਧਵਾ ਨੂੰ ਮੁੱਖ ਮੰਤਰੀ ਬਣਾਇਆ ਜਾਵੇਗਾ। ਸ. ਮਜੀਠੀਆ ਨੇ ਕਿਹਾ ਕਿ ਸ਼ਹੀਦੇ ਆਜ਼ਮ ਭਗਤ ਸਿੰਘ ਤੇ ਸੰਵਿਧਾਨ ਦੇ ਰਚੇਤਾ ਡਾ. ਭੀਮ ਰਾਓ ਅੰਬੇਡਕਰ ਦੇ ਨਾਲ ਸ਼ਰਾਬ ਘੁਟਾਲੇ ਦੀ ਮੁਲਜਿਮ ਕੇਜਰੀਵਾਲ ਦੀ ਫੋਟੋ ਲਗਾਉਣਾ ਆਮ ਆਦਮੀ ਪਾਰਟੀ ਦੀ ਮਾਨਸਿਕ ਨੀਚਤਾ ਦੀ ਵੱਡੀ ਨਿਸ਼ਾਨੀ ਹੈ। ਜਿਸ ਲਈ ਲੋਕ ਇਨ੍ਹਾਂ ਨੂੰ ਮੁਆਫ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਇਸ ਸਮੇਂ ਸ਼ਰਾਬ ਤੇ ਮਾਈਨਿੰਗ ਦਾ ਵੱਡਾ ਘੁਟਾਲਾ ਹੋ ਰਿਹਾ ਹੈ ਜਿਸਦੀ ਸੀਬੀਆਈ ਜਾਂਚ ਹੋਣੀ ਚਾਹੀਦੀ ਹੈ।

ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਉੱਪਰ ਤੰਜ ਕੱਸਦੇ ਹੋਏ ਅੱਗੇ ਕਿਹਾ ਕਿ ਜਿਸ ਗੱਡੀ ਦਾ ਡਰਾਇਵਰ ਸ਼ਰਾਬੀ ਹੋਵੇ ਨਾਂ ਤਾਂ ਉਹ ਗੱਡੀ ਸੁਰੱਖਿਅਤ ਹੁੰਦੀ ਹੈ ਤੇ ਨਾ ਹੀ ਉਸ ਗੱਡੀ ਦੀ ਸਵਾਰੀ ਕਰਨ ਵਾਲੇ ਲੋਕ ਤੇ ਮੌਜੂਦਾ ਸਮੇਂ ਪੰਜਾਬ ਦੀ ਗੱਡੀ ਦਾ ਸਟੇਰਿੰਗ ਇੱਕ ਸ਼ਰਾਬੀ ਮੁੱਖ ਮੰਤਰੀ ਦੇ ਹੱਥ ਹੈ ਜਿਸ ਕਾਰਨ ਹਾਦਸੇ ਹੋਣੇ ਸੁਭਾਵਿਕ ਹੀ ਹਨ। ਇਸ ਲਈ ਮੇਰੀ ਪੰਜਾਬ ਵਾਸੀਆਂ ਨੂੰ ਅਪੀਲ ਹੈ ਕਿ ਆਉਣ ਵਾਲੀ ਲੋਕ ਸਭਾ ਦੀ ਚੋਣ ਦੌਰਾਨ ਆਪਣੀਆਂ ਵੋਟਾਂ ਸੂਬੇ ਦੀ ਆਪਣੀ ਖੇਤਰੀ ਧਿਰ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿੱਚ ਭੁਗਤਾਓ। ਜਿਸ ਪਿੱਛੋ ਸ਼ਰਾਬੀ ਮੁੱਖ ਮੰਤਰੀ ਦੀ ਸੁਰਤ ਟਿਕਾਣੇ ਲਿਆਉਣ ਲਈ ਇਸਦੇ ਸਿਰ ਵਿੱਚ ਠੰਡੇ ਪਾਣੀ ਦੀ ਬਾਲਟੀ ਕੇਜਰੀਵਾਲ ਨੇ ਆਪ ਹੀ ਮੂੰਧੀ ਕਰ ਦੇਣੀ ਹੈ। ਮਜੀਠੀਆ ਨੇ ਕਿਹਾ ਕਿ ਅਕਾਲੀ ਦਲ ਨੇ ਹਮੇਸ਼ਾ ਸਿਧਾਂਤਾਂ ਨੂੰ ਸਾਹਮਣੇ ਰੱਖ ਕੇ ਸਿਆਸਤ ਕੀਤੀ ਹੈ ਲੇਕਿਨ ਆਮ ਆਦਮੀ ਪਾਰਟੀ ਤੇ ਕਾਂਗਰਸ ਹਲਕੇ ਪੱਧਰ ਦੀ ਸਿਆਸਤ ਉੱਪਰ ਆ ਗਏ ਹਨ। ਜਿਨ੍ਹਾਂ ਦਾ ਇੱਕੋ ਇੱਕ ਮਕਸਦ ਪੰਜਾਬ ਦੀ ਸੱਤਾ ਉੱਪਰ ਕਾਬਜ ਹੋ ਕੇ ਸੂਬੇ ਦੀ ਲੁੱਟ ਲਈ ਦਰਵਾਜੇ ਦਿੱਲੀ ਵਾਲਿਆਂ ਲਈ ਖੋਲ੍ਹਣੇ ਹਨ। ਉਨ੍ਹਾਂ ਕਿਹਾ ਕਿ ਆਪ ਸਰਕਾਰ ਕੋਲ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਲਈ ਕਿਤਾਬਾਂ ਖਰੀਦਣ ਲਈ ਪੈਸਾ ਨਹੀਂ ਹੈ ਲੇਕਿਨ ਰੋਜਾਨਾ ਕਰੋੜਾਂ ਰੁਪਏ ਝੂਠੀ ਇਸ਼ਤਿਹਾਰਬਾਜੀ ਉੱਪਰ ਖਰਚ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮੁਕੇਰੀਆ ਹਲਕੇ ਦੇ ਲੋਕਾਂ ਦੇ ਅੱਜ ਦੇ ਇਕੱਠ ਨੇ ਇਸ ਗੱਲ ਉੱਪਰ ਮੋਹਰ ਲਗਾ ਦਿੱਤੀ ਹੈ ਕਿ ਲੋਕ ਅਕਾਲੀ ਦਲ ਦੇ ਨਾਲ ਖੜ੍ਹੇ ਹਨ ਤੇ ਝੂਠ-ਕੂੜ ਦਾ ਪ੍ਰਚਾਰ ਕਰਨ ਵਾਲਿਆਂ ਨੂੰ ਹੁਣ ਕੋਈ ਮੂੰਹ ਨਹੀਂ ਲਗਾਵੇਗਾ।

ਇਸ ਮੌਕੇ ਹਲਕਾ ਇੰਚਾਰਜ ਸਰਬਜੋਤ ਸਿੰਘ ਸਾਬੀ ਵੱਲੋਂ ਵਰਕਰ ਸੰਮੇਲਨ ਦੀ ਸਫਲਤਾ ਲਈ ਜਿੱਥੇ ਹਲਕਾ ਵਾਸੀਆਂ ਦਾ ਧੰਨਵਾਦ ਕੀਤਾ ਗਿਆ। ਉੱਥੇ ਹੀ ਕਿਹਾ ਗਿਆ ਕਿ ਪਿਛਲੇ ਲੰਬੇ ਸਮੇਂ ਤੋਂ ਮੁਕੇਰੀਆ ਹਲਕੇ ਦੇ ਲੋਕਾਂ ਨਾਲ ਵਿਸ਼ਵਾਸ਼ਘਾਤ ਕਰਨ ਵਾਲਿਆਂ ਨੂੰ ਭਵਿੱਖ ਵਿੱਚ ਬਖਸ਼ਿਆ ਨਹੀਂ ਜਾਵੇਗਾ, ਉਨ੍ਹਾਂ ਕਿਹਾ ਕਿ ਹਲਕੇ ਦੇ ਲੋਕਾਂ ਨੇ ਪਿਛਲੇ ਲੰਬੇ ਸਮੇਂ ਤੋਂ ਕਾਂਗਰਸ, ਭਾਜਪਾ ਤੇ ਆਪ ਵਾਲਿਆਂ ਨੂੰ ਇਸੇ ਆਸ ਨਾਲ ਵੋਟ ਦਿੱਤੀ ਕਿ ਹਲਕੇ ਦੇ ਹਾਲਾਤ ਸੁਧਰਨਗੇ ਲੇਕਿਨ ਜਿੱਤ ਪ੍ਰਾਪਤ ਕਰਕੇ ਇਨ੍ਹਾਂ ਪਾਰਟੀਆਂ ਦੇ ਆਗੂਆਂ ਨੇ ਹਲਕੇ ਵਿੱਚ ਸਿਵਾਏ ਲੁੱਟ ਤੋਂ ਹੋਰ ਕੁਝ ਨਹੀਂ ਕੀਤਾ, ਨਾ ਤਾ ਹਲਕੇ ਲਈ ਕੋਈ ਵੱਡੀ ਇੰਡਸਟਰੀ ਲਿਆਂਦੀ ਗਈ, ਨਾ ਸੜਕਾਂ ਬਣ ਸਕੀਆਂ ਤੇ ਨਾ ਹੀ ਲੋਕਾਂ ਤੱਕ ਬੁਨਿਆਦੀ ਸਹੂਲਤਾਂ ਪਹੁੰਚਾਈਆਂ ਗਈਆਂ। ਸਰਬਜੋਤ ਸਾਬੀ ਨੇ ਹਲਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਜਿਹੜੇ ਲੋਕ ਪਿਛਲੇ ਸਮੇਂ ਵਿੱਚ ਤੁਹਾਡੀਆਂ ਵੋਟਾਂ ਲੈ ਕੇ ਰਾਜ ਕਰਦੇ ਰਹੇ ਹਨ ਇਸ ਵਾਰ ਉਨ੍ਹਾਂ ਨੂੰ ਸਵਾਲ ਕਰੋ ਤੇ ਪੁੱਛੋ ਕਿ ਇਨ੍ਹਾਂ ਲੋਕਾਂ ਨੇ ਹਲਕੇ ਲਈ ਕੀ ਕੀਤਾ? ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਕਹਿਣੀ ਤੇ ਕਰਨੀ ਇੱਕ ਹੈ ਤੇ ਆਉਣ ਵਾਲੇ ਸਮੇਂ ਦੌਰਾਨ ਸੂਬੇ ਵਿੱਚ ਅਕਾਲੀ ਦਲ ਦੀ ਸਰਕਾਰ ਬਣਨੀ ਤੈਅ ਹੈ ਜਿਸ ਪਿੱਛੋ ਮੁਕੇਰੀਆ ਹਲਕੇ ਨੂੰ ਮਾਡਲ ਹਲਕਾ ਬਣਾਉਣਾ ਮੇਰਾ ਇੱਕੋ ਇੱਕ ਮਕਸਦ ਹੈ। ਇਸ ਮੌਕੇ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਵਰਿੰਦਰ ਸਿੰਘ ਬਾਜਵਾ, ਲਖਵਿੰਦਰ ਸਿੰਘ ਲੱਖੀ ਜਿਲ੍ਹਾ ਪ੍ਰਧਾਨ, ਸੋਹਣ ਸਿੰਘ ਠੰਡਲ, ਜਤਿੰਦਰ ਸਿੰਘ ਲਾਲੀ ਬਾਜਵਾ, ਬਲਵੀਰ ਸਿੰਘ ਮਿਆਣੀ, ਸੁਸ਼ੀਲ ਕੁਮਾਰ ਪਿੰਕੀ, ਰਵਿੰਦਰ ਸਿੰਘ ਚੱਕ, ਅਨਿਲ ਠਾਕੁਰ, ਭਾਈ ਅਮਰੀਕ ਸਿੰਘ ਲਤੀਫਪੁਰ, ਚੀਫ ਨਿਰਮਲ ਸਿੰਘ, ਸਤਨਾਮ ਸਿੰਘ ਧਨੋਆ, ਜਸਵਿੰਦਰ ਸਿੰਘ ਬਿੱਟੂ, ਸੌਦਾਗਰ ਸਿੰਘ ਚਨੌਰ, ਭਜਨ ਸਿੰਘ ਮਹਿੰਦੀਪੁਰ, ਲਖਵਿੰਦਰ ਸਿੰਘ ਟਿੰਮੀ, ਗੁਰਦੀਪ ਸਿੰਘ ਗੇਰਾ, ਈਸ਼ਰ ਸਿੰਘ ਮੰਝਪੁਰ, ਬੀਬੀ ਸੁਰਜੀਤ ਕੌਰ, ਬੀਬੀ ਬਲਵੀਰ ਕੌਰ ਬੇਲਾ ਸਰਿਆਣਾ, ਇੰਦਰਜੀਤ ਸਿੰਘ ਕੰਗ, ਅਰਵਿੰਦਰ ਸਿੰਘ ਹੁਸੈਨਪੁਰ, ਹਰਜੀ ਬਾਜਵਾ, ਇਕਬਾਲ ਸਿੰਘ ਜੌਹਲ, ਸੁਰਜੀਤ ਸਿੰਘ ਕੈਰੇ, ਤਜਿੰਦਰਪਾਲ ਸਿੰਘ ਬੱਬਲ, ਮਨਜੀਤ ਸਿੰਘ ਪਲਾਕੀ, ਬਲਵਿੰਦਰ ਸਿੰਘ ਪੰਨਖੂਹ ਆਦਿ ਸਮੇਤ ਵੱਡੀ ਗਿਣਤੀ ਵਿੱਚ ਹਲਕਾ ਵਾਸੀ ਮੌਜੂਦ ਸਨ।

















































