ਜਲੰਧਰ, 22 ਜੂਨ – ਭਾਰਤ ਚੋਣ ਕਮਿਸ਼ਨ ਵੱਲੋਂ ਵਿਧਾਨ ਸਭਾ ਹਲਕਾ ਜਲੰਧਰ ਪੱਛਮੀ (ਅ.ਜ.) ਦੀ ਉਪ ਚੋਣ ਲਈ ਨਿਯੁਕਤ ਜਨਰਲ ਆਬਜ਼ਰਵਰ ਉੱਤਮ ਕੁਮਾਰ ਪਾਤਰਾ, ਪੁਲਿਸ ਆਬਜ਼ਰਵਰ ਦਾਲੂਰਾਮ ਤੇਨੀਵਾਰ ਅਤੇ ਖਰਚਾ ਆਬਜ਼ਰਵਰ ਮੀਨੂੰ ਸੁਸੇਨ ਅਬਰਾਹਮ ਨੇ ਅੱਜ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਡਾ. ਹਿਮਾਂਸ਼ੂ ਅਗਰਵਾਲ ਸਮੇਤ ਸਥਾਨਕ ਲਾਇਲਪੁਰ ਖਾਲਸਾ ਕਾਲਜ ਫਾਰ ਵੂਮੈਨ ਵਿਖੇ ਬਣਾਏ ਗਏ ਸਟਰਾਂਗ ਰੂਮ ਅਤੇ ਗਿਣਤੀ ਕੇਂਦਰ ਦਾ ਜਾਇਜ਼ਾ ਲਿਆ।
ਚੋਣ ਆਬਜ਼ਰਵਰਾਂ ਨੇ 10 ਜੁਲਾਈ ਨੂੰ ਵੋਟਾਂ ਪੈਣ ਉਪਰੰਤ ਇਥੇ ਰੱਖੀਆਂ ਜਾਣ ਵਾਲੀਆਂ ਵੋਟਿੰਗ ਮਸ਼ੀਨਾਂ ਦੀ ਨਿਗਰਾਨੀ ਅਤੇ ਸੁਰੱਖਿਆ ਪੱਖੋਂ ਪ੍ਰਬੰਧਾਂ ਦਾ ਬਾਰੀਕੀ ਨਾਲ ਜਾਇਜ਼ਾ ਲਿਆ ਅਤੇ ਵੋਟਾਂ ਦੀ ਗਿਣਤੀ ਲਈ ਕੀਤੇ ਇੰਤਜ਼ਾਮ ਦੀ ਸਮੀਖਿਆ ਕੀਤੀ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਸਟਰਾਂਗ ਰੂਮ ਵਿੱਚ ਰੱਖੀਆਂ ਜਾਣ ਵਾਲੀਆਂ ਈ.ਵੀ.ਐਮਜ਼ ਅਤੇ ਵੀ.ਵੀ.ਪੈਟ ਮਸ਼ੀਨਾਂ ਦੀ 24 ਘੰਟੇ ਨਿਗਰਾਨੀ ਲਈ ਨਿਰਵਿਘਨ ਬਿਜਲੀ ਸਪਲਾਈ ਦੇ ਨਾਲ ਸੀ.ਸੀ.ਟੀ.ਵੀ. ਕੈਮਰੇ ਲਗਾਏ ਗਏ ਹਨ ਅਤੇ ਵੀਡੀਓ ਰਿਕਾਰਡਿੰਗ ਲਈ ਢੁੱਕਵੇਂ ਬੈਕਅਪ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਟਰਾਂਗ ਰੂਮ ਅਤੇ ਗਿਣਤੀ ਕੇਂਦਰ ਦੀ ਤਿੰਨ ਪਰਤੀ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ। ਇਸ ਤੋਂ ਇਲਾਵਾ ਢੁੱਕਵੀਂ ਬੈਰੀਕੇਡਿੰਗ, ਅੱਗ ਬੁਝਾਊ ਯੰਤਰ ਆਦਿ ਸਮੁੱਚੇ ਲੋੜੀਂਦੇ ਬੰਦੋਬਸਤ ਯਕੀਨੀ ਬਣਾਏ ਗਏ ਹਨ।
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉਪ ਚੋਣ ਨੂੰ ਆਜ਼ਾਦ, ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ ਮੇਜਰ ਡਾ. ਅਮਿਤ ਮਹਾਜਨ, ਰਿਟਰਨਿੰਗ ਅਫ਼ਸਰ ਵਿਧਾਨ ਸਭਾ ਹਲਕਾ ਜਲੰਧਰ ਪੱਛਮੀ ਅਲਕਾ ਕਾਲੀਆ, ਏ.ਡੀ.ਸੀ.ਪੀ. ਸੁਖਵਿੰਦਰ ਸਿੰਘ, ਚੋਣ ਤਹਿਸੀਲਦਾਰ ਸੁਖਦੇਵ ਸਿੰਘ ਵੀ ਮੌਜੂਦ ਸਨ।
ਕੈਪਸ਼ਨ: ਜਨਰਲ ਆਬਜ਼ਰਵਰ ਉੱਤਮ ਕੁਮਾਰ ਪਾਤਰਾ, ਪੁਲਿਸ ਆਬਜ਼ਰਵਰ ਦਾਲੂਰਾਮ ਤੇਨੀਵਾਰ, ਖਰਚਾ ਆਬਜ਼ਰਵਰ ਮੀਨੂੰ ਸੁਸੇਨ ਅਬਰਾਹਮ ਅਤੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਡਾ. ਹਿਮਾਂਸ਼ੂ ਅਗਰਵਾਲ ਸਟਰਾਂਗ ਰੂਮ ਅਤੇ ਗਿਣਤੀ ਕੇਂਦਰ ਦਾ ਜਾਇਜ਼ਾ ਲੈਂਦੇ ਹੋਏ।

















































