ਜਲੰਧਰ ਪੱਛਮੀ ਉਪ ਚੋਣ ਵੋਟਾਂ ਦੀ ਗਿਣਤੀ ਦੇ ਕੰਮ ਨੂੰ ਨੇਪਰੇ ਚਾੜ੍ਹਨ ਲਈ ਕਾਊਂਟਿੰਗ ਸਟਾਫ਼ ਦੀ ਪਹਿਲੀ ਰੈਂਡਮਾਈਜ਼ੇਸ਼ਨ

ਜਲੰਧਰ, 2 ਜੁਲਾਈ- ਵਿਧਾਨ ਸਭਾ ਹਲਕਾ ਜਲੰਧਰ ਪੱਛਮੀ (ਅ.ਜ.) ਦੀ ਉਪ ਚੋਣ ਲਈ 10 ਜੁਲਾਈ ਨੂੰ ਵੋਟਾਂ ਪੈਣ ਤੋਂ ਬਾਅਦ 13 ਜੁਲਾਈ ਨੂੰ ਗਿਣਤੀ ਦੇ ਕੰਮ ਨੂੰ ਨੇਪਰੇ ਚਾੜ੍ਹਨ ਲਈ ਅੱਜ ਗਿਣਤੀ ਅਮਲੇ ਦੀ ਤਾਇਨਾਤੀ ਲਈ ਪਹਿਲੀ ਰੈਂਡਮਾਈਜ਼ੇਸ਼ਨ ਕਰਵਾਈ ਗਈ।
ਜਨਰਲ ਆਬਜ਼ਰਵਰ ਉੱਤਮ ਕੁਮਾਰ ਪਾਤਰਾ ਅਤੇ ਵਧੀਕ ਡਿਪਟੀ ਕਮਿਸ਼ਨਰ-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ ਮੇਜਰ ਡਾ. ਅਮਿਤ ਮਹਾਜਨ ਦੀ ਨਿਗਰਾਨੀ ਹੇਠ ਰੈਂਡਮਾਈਜ਼ੇਸ਼ਨ ਦੀ ਪ੍ਰਕਿਰਿਆ ਮੁਕੰਮਲ ਕੀਤੀ ਗਈ।
ਵਧੀਕ ਜ਼ਿਲ੍ਹਾ ਚੋਣ ਅਫ਼ਸਰ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਵੋਟਾਂ ਦੀ ਗਿਣਤੀ ਦੇ ਕਾਰਜ ਨੂੰ ਸੁਚੱਜੇ ਢੰਗ ਨਾਲ ਸਿਰੇ ਚਾੜ੍ਹਨ ਲਈ ਕੁੱਲ 69 ਸਟਾਫ਼ (ਰਿਜ਼ਰਵ ਸਮੇਤ) ਦੀ ਰੈਂਡਮਾਈਜ਼ੇਸ਼ਨ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪਹਿਲੀ ਰੈਂਡਮਾਈਜ਼ੇਸ਼ਨ ਉਪਰੰਤ ਗਿਣਤੀ ਕੇਂਦਰ ਲਈ ਕੁੱਲ 23 ਕਾਊਂਟਿੰਗ ਪਾਰਟੀਆਂ (ਰਿਜ਼ਰਵ ਸਮੇਤ) ਤਾਇਨਾਤ ਕੀਤੀਆਂ ਗਈਆਂ ਹਨ।
ਉਨ੍ਹਾਂ ਦੱਸਿਆ ਕਿ ਹਰੇਕ ਕਾਊਂਟਿੰਗ ਪਾਰਟੀ ਵਿੱਚ ਇਕ ਕਾਊਂਟਿੰਗ ਸੁਪਰਵਾਈਜ਼ਰ, ਇਕ ਕਾਊਂਟਿੰਗ ਸਹਾਇਕ ਅਤੇ ਇਕ ਕਾਊਂਟਿੰਗ ਮਾਈਕਰੋ ਆਬਜ਼ਰਵਰ ਸ਼ਾਮਲ ਹੁੰਦਾ ਹੈ। ਇਸ ਤਰ੍ਹਾਂ ਗਿਣਤੀ ਲਈ ਤਾਇਨਾਤ 69 ਅਮਲੇ ਵਿੱਚ 23 ਕਾਊਂਟਿੰਗ ਸੁਪਰਵਾਈਜ਼ਰ, 23 ਕਾਊਂਟਿੰਗ ਸਹਾਇਕ ਅਤੇ 23 ਕਾਊਂਟਿੰਗ ਮਾਈਕਰੋ ਆਬਜ਼ਰਵਰ ਸ਼ਾਮਲ ਹਨ।
ਵਧੀਕ ਜ਼ਿਲ੍ਹਾ ਚੋਣ ਅਫ਼ਸਰ ਨੇ ਇਹ ਵੀ ਦੱਸਿਆ ਕਿ ਵਿਧਾਨ ਸਭਾ ਹਲਕੇ ਲਈ ਗਿਣਤੀ ਹਾਲ ਲਾਇਲਪੁਰ ਖਾਲਸਾ ਕਾਲਜ ਦੇ ਆਡੀਟੋਰੀਅਮ ਵਿੱਚ ਸਥਾਪਤ ਕੀਤਾ ਗਿਆ ਹੈ, ਜਿਥੇ ਵੋਟਾਂ ਦੀ ਗਿਣਤੀ ਲਈ 15 ਕਾਊਂਟਿੰਗ ਟੇਬਲ ਹੋਣਗੇ।
ਇਸ ਦੌਰਾਨ ਵੋਟਾਂ ਵਾਲੇ ਦਿਨ ਵਿਧਾਨ ਸਭਾ ਹਲਕੇ ਦੀਆਂ ਸਾਰੀਆਂ 65 ਪੋਲਿੰਗ ਲੋਕੇਸ਼ਨਾਂ ’ਤੇ ਤਾਇਨਾਤੀ ਲਈ 112 ਮਾਈਕਰੋ ਆਬਜ਼ਰਵਰਾਂ (ਰਿਜ਼ਰਵਰ ਸਮੇਤ) ਦੀ ਵੀ ਪਹਿਲੀ ਰੈਂਡਮਾਈਜ਼ੇਸ਼ਨ ਕਰਵਾਈ ਗਈ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਗਿਣਤੀ ਅਮਲੇ ਅਤੇ ਮਾਈਕਰੋ ਆਬਜ਼ਰਵਰਾਂ ਨੂੰ ਸਿਖ਼ਲਾਈ ਦੇਣ ਲਈ ਪਹਿਲੀ ਰਿਹਰਸਲ 5 ਜੁਲਾਈ ਅਤੇ ਦੂਜੀ ਰਿਹਰਸਲ 8 ਜੁਲਾਈ ਨੂੰ ਹੋਵੇਗੀ। ਉਨ੍ਹਾਂ ਦੱਸਿਆ ਕਿ ਦੋਵੇਂ ਦਿਨ ਸਵੇਰ ਦੇ ਸੈਸ਼ਨ ਵਿੱਚ ਗਿਣਤੀ ਅਮਲੇ ਅਤੇ ਦੁਪਹਿਰ ਦੇ ਸੈਸ਼ਨ ਵਿੱਚ ਮਾਈਕਰੋ ਆਬਜ਼ਰਵਰਾਂ ਨੂੰ ਟ੍ਰੇਨਿੰਗ ਦਿੱਤੀ ਜਾਵੇਗੀ।
ਇਸ ਮੌਕੇ ਡੀ.ਆਈ.ਓ. ਰਣਜੀਤ ਸਿੰਘ, ਡਿਪਟੀ ਡੀ.ਈ.ਓ. ਰਾਜੀਵ ਜੋਸ਼ੀ, ਚੋਣ ਤਹਿਸੀਲਦਾਰ ਸੁਖਦੇਵ ਸਿੰਘ ਆਦਿ ਵੀ ਮੌਜੂਦ ਸਨ।

Leave a Comment

Your email address will not be published. Required fields are marked *

Scroll to Top