ਡਿਪਟੀ ਕਮਿਸ਼ਨਰ ਵੱਲੋਂ ਡੇਂਗੂ, ਮਲੇਰੀਆ, ਚਿਕਨਗੁਨੀਆ ਨਾਲ ਨਜਿੱਠਣ ਲਈ ਤਿਆਰੀਆਂ ਦਾ ਜਾਇਜ਼ਾ

ਜ਼ਿਲ੍ਹਾਜਲੰਧਰ, 3 ਜੁਲਾਈ – ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਅੱਜ ਸਥਾਨਕ ਸਿਵਲ ਹਸਪਤਾਲ ਦਾ ਦੌਰਾ ਕਰਕੇ ਡੇਂਗੂ, ਮਲੇਰੀਆ, ਚਿਕਨਗੁਨੀਆ ਵਰਗੀਆਂ ਬਿਮਾਰੀਆਂ ਨਾਲ ਨਜਿੱਠਣ ਲਈ ਸਿਹਤ ਵਿਭਾਗ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ।

ਉਨ੍ਹਾਂ ਸਿਹਤ ਅਧਿਕਾਰੀਆਂ ਨੂੰ ਕਿਹਾ ਕਿ ਆਉਣ ਵਾਲੇ ਬਰਸਾਤ ਦੇ ਮੌਸਮ ਦੇ ਮੱਦੇਨਜ਼ਰ ਹਸਪਤਾਲ ਵਿੱਚ ਡੇਂਗੂ, ਮਲੇਰੀਆ ਅਤੇ ਚਿਕਨਗੁਨੀਆ ਦੇ ਮਰੀਜ਼ਾਂ ਲਈ ਇਲਾਜ ਸਹੂਲਤਾਂ ਸਮੇਤ ਸਾਰੇ ਲੋੜੀਂਦੇ ਪ੍ਰਬੰਧ ਪਹਿਲਾਂ ਹੀ ਯਕੀਨੀ ਬਣਾ ਲਏ ਜਾਣ ਤਾਂ ਜੋ ਕਿਸੇ ਵੀ ਮਰੀਜ਼ ਨੂੰ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ।

ਉਨ੍ਹਾਂ ਡੇਂਗੂ ਦੇ ਟਾਕਰੇ ਲਈ  ਲੋੜੀਂਦੇ ਵਾਰਡਾਂ ਦੀ ਉਪਲਬਧਤਾ ਅਤੇ ਵਾਰਡ ਦੀ ਸਾਫ਼-ਸਫਾਈ ਵੱਲ ਵਿਸ਼ੇਸ਼ ਤਵਜੋਂ ਦੇਣ ਲਈ ਕਿਹਾ।

ਡਿਪਟੀ ਕਮਿਸ਼ਨਰ ਨੇ ਓ.ਪੀ.ਡੀ., ਅੱਖਾਂ, ਮੈਡੀਸਨ, ਗਾਇਨੀ, ਡੈਂਟਲ, ਬਲੱਡ ਬੈਂਕ ਐਕਸ-ਰੇ ਯੂਨਿਟ, ਅਲਟਰਾ ਸਾਊਂਡ, ਲੈਬੋਰੇਟਰੀ ਆਦਿ ਦਾ ਦੌਰਾ ਕਰਦਿਆਂ ਹਸਪਤਾਲ ਵਿੱਚ ਦਾਖ਼ਲ ਮਰੀਜ਼ਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਦਾ ਵੀ ਜਾਇਜ਼ਾ ਲਿਆ।

ਉਨ੍ਹਾਂ ਫਾਰਮੇਸੀ ਦਾ ਦੌਰਾ ਕਰਕੇ ਦਵਾਈਆਂ ਦੇ ਸਟਾਕ ਦਾ ਵੀ ਜਾਇਜ਼ਾ ਲਿਆ ਤੇ ਕਿਹਾ ਕਿ ਸਾਰੇ ਮਰੀਜ਼ਾਂ ਨੂੰ ਦਵਾਈਆਂ ਹਸਪਤਾਲ ਦੇ ਅੰਦਰੋਂ ਹੀ ਮੁਹੱਈਆ ਕਰਵਾਈਆਂ ਜਾਣ ਅਤੇ ਕੋਈ ਵੀ ਡਾਕਟਰ ਬਾਹਰੋਂ ਦਵਾਈ ਲੈਣ ਲਈ ਪਰਚੀ ਨਹੀਂ ਲਿਖੇਗਾ।

ਡਾ. ਅਗਰਵਾਲ ਨੇ ਹਸਪਤਾਲ ਵਿੱਚ ਆਪਣੇ ਇਲਾਜ ਲਈ ਆਏ ਮਰੀਜ਼ਾਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੂੰ ਇਥੇ ਪ੍ਰਦਾਨ ਕੀਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਬਾਰੇ ਜਾਣਕਾਰੀ ਵੀ ਪ੍ਰਾਪਤ ਕੀਤੀ। 
ਉਨ੍ਹਾਂ ਸਮੂਹ ਸਟਾਫ਼ ਨੂੰ ਮਰੀਜ਼ਾਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨਾਲ ਹਲੀਮੀ ਭਰਿਆ ਵਤੀਰਾ ਅਪਨਾਉਣ ਲਈ ਕਿਹਾ।

ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਜ਼ਿਲ੍ਹੇ ਦੇ ਆਮ ਲੋਕਾਂ ਨੂੰ  ਬਿਹਤਰ ਤੇ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ ਅਤੇ ਹਸਪਤਾਲ ਆਉਣ ਵਾਲੇ ਹਰੇਕ ਮਰੀਜ਼ ਨੂੰ ਲੋੜੀਂਦੀ ਮੈਡੀਕਲ ਸੇਵਾ ਤੁਰੰਤ ਪ੍ਰਦਾਨ ਕਰਨ ਨੂੰ ਯਕੀਨੀ ਬਣਾਇਆ ਜਾਵੇ।

ਡਿਪਟੀ ਕਮਿਸ਼ਨਰ ਨੇ ਸਿਵਲ ਸਰਜਨ ਡਾ. ਜਗਦੀਪ ਚਾਵਲਾ ਅਤੇ ਹੋਰ ਡਾਕਟਰੀ ਸਟਾਫ਼ ਨਾਲ ਰੋਗੀ ਕਲਿਆਣ ਸੰਮਤੀ ਦੀ  ਮੀਟਿੰਗ ਕਰਦਿਆਂ ਸਿਵਲ ਹਸਪਤਾਲ ਵਿੱਚ ਲੋੜੀਂਦੀਆਂ ਜ਼ਰੂਰਤਾਂ ਬਾਰੇ ਜਾਣਕਾਰੀ ਵੀ ਹਾਸਲ ਕੀਤੀ।

ਹਸਪਤਾਲ ਵਿਖੇ ਸੀਵਰੇਜ ਦੀ ਲਗਾਤਾਰ ਸਫਾਈ ਬਾਰੇ ਉਨ੍ਹਾਂ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਸੀਵਰ ਦੀ ਸਫਾਈ ਯਕੀਨੀ ਬਣਾਉਣ । ਇਸ ਤੋਂ ਇਲਾਵਾ ਲੋਕ ਨਿਰਮਾਣ ਵਿਭਾਗ ਨੂੰ ਨਵੇਂ ਸੀਵਰੇਜ ਸਿਸਟਮ ਬਾਰੇ ਪ੍ਰਕ੍ਰਿਆ ਜਲਦ ਮੁਕੰਮਲ ਕਰਨ ਲਈ ਕਿਹਾ ।


ਕੈਪਸ਼ਨ:  ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਸਿਵਲ ਹਸਪਤਾਲ ਦਾ ਦੌਰਾ ਕਰਦੇ ਹੋਏ।

Leave a Comment

Your email address will not be published. Required fields are marked *

Scroll to Top