ਅਰਬਨ ਇਸਟੇਟ ਦੀ ਰੇਲਵੇ ਕਰਾਸਿੰਗ ਸਬੰਧੀ ਡਿਪਟੀ ਕਮਿਸ਼ਨਰ ਵੱਲੋਂ ਉੱਚ ਪੱਧਰੀ ਮੀਟਿੰਗ

ਜਲੰਧਰ, 12 ਮਈ : ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਅੱਜ ਕਮਿਸ਼ਨਰ ਨਗਰ ਨਿਗਮ, ਰੇਲਵੇ ਅਤੇ ਕਮਿਸ਼ਨਰੇਟ ਪੁਲਿਸ ਦੇ ਅਧਿਕਾਰੀਆਂ ਨਾਲ ਇਕ ਉੱਚ ਪੱਧਰੀ ਮੀਟਿੰਗ ਕੀਤੀ।
    ਮੀਟਿੰਗ ਦੌਰਾਨ ਡਾ. ਅਗਰਵਾਲ ਨੇ ਨਗਰ ਨਿਗਮ ਨੂੰ ਸਖ਼ਤ ਹਦਾਇਤ ਕਰਦਿਆਂ ਕਿਹਾ ਕਿ ਅਰਬਨ ਇਸਟੇਟ ਰੇਲਵੇ ਕਰਾਸਿੰਗ ਸੀ-7 ’ਤੇ ਬਣੇ ਅੰਡਰ ਬ੍ਰਿਜ ਪ੍ਰਾਜੈਕਟ ਨੂੰ ਚੰਗੀ ਤਰ੍ਹਾਂ ਘੋਖ ਕੇ ਇਸ ਦੇ ਨਿਰਮਾਣ ਦੌਰਾਨ ਮਾਪਦੰਡਾਂ ਦੇ ਸਹੀ ਪਾਲਣ ਬਾਰੇ ਅਗਲੇ 2 ਦਿਨਾਂ ਵਿੱਚ ਰਿਪੋਰਟ ਸੌਂਪੀ ਜਾਵੇ।
    ਇਸ ਪ੍ਰਾਜੈਕਟ ਦੌਰਾਨ ਕਈ ਖਾਮੀਆਂ ਸਾਹਮਣੇ ਆਉਣ ’ਤੇ ਡਿਪਟੀ ਕਮਿਸ਼ਨਰ ਨੇ ਰੇਲਵੇ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜਦੋਂ ਤੱਕ ਖਾਮੀਆਂ ਦੂਰ ਨਹੀਂ ਹੁੰਦੀਆਂ, ਉਦੋਂ ਤੱਕ ਰੇਲਵੇ ਕਰਾਸਿੰਗ ਨੂੰ ਖੱਲ੍ਹਵਾਇਆ ਜਾਵੇ, ਤਾਂ ਜੋ ਇਲਾਕਾ ਵਾਸੀਆਂ ਨੂੰ ਰਾਹਤ ਪ੍ਰਦਾਨ ਕੀਤੀ ਜਾ ਸਕੇ। ਉਨ੍ਹਾਂ ਹਦਾਇਤ ਕਰਦਿਆਂ ਕਿਹਾ ਕਿ  ਇਹ ਕੰਮ ਤੈਅ ਸਮੇਂ ਵਿੱਚ ਨਹੀਂ ਹੋਇਆ ਅਤੇ ਨਾ ਹੀ ਦਿੱਤੇ ਗਏ ਦਿਸ਼ਾ-ਨਿਰਦੇਸ਼ਾਂ ਮੁਤਾਬਕ ਹੋਇਆ ਹੈ, ਇਸ ਲਈ ਰੇਲਵੇ ਵੱਲੋਂ ਇਸ ਸਬੰਧੀ ਆਪਣੀ ਵੱਖਰੀ ਰਿਪੋਰਟ ਵੀ ਤੁਰੰਤ ਸੌਂਪੀ ਜਾਵੇ।
    ਡਿਪਟੀ ਕਮਿਸ਼ਨਰ ਨੇ ਨਗਰ ਨਿਗਮ ਨੂੰ ਵੀ ਨਿਰਦੇਸ਼ ਦਿੰਦਿਆਂ ਕਿਹਾ ਕਿ ਰੇਲਵੇ ਕਰਾਸਿੰਗ ਨੂੰ ਖੁੱਲ੍ਹਵਾ ਕੇ ਖਾਮੀਆਂ ਦੂਰ ਕਰਵਾਈਆਂ ਜਾਣ। ਉਨ੍ਹਾਂ ਕਿਹਾ ਕਿ ਇਲਾਕਾ ਵਾਸੀਆਂ ਦੀ ਖੱਜਲ-ਖੁਆਰੀ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ, ਇਸ ਲਈ ਨਗਰ ਨਿਗਮ ਵੱਲੋਂ ਸਮੇਂ ਸਿਰ ਰਿਪੋਰਟ ਦੇਣੀ ਯਕੀਨੀ ਬਣਾਈ ਜਾਵੇ।
   ਡਾ. ਅਗਰਵਾਲ ਨੇ ਕਿਹਾ ਕਿ ਸਰਕਾਰ ਵੱਲੋਂ ਜਨਤਾ ਦੀ ਸਹੂਲਤ ਲਈ ਵੱਖ-ਵੱਖ ਵਿਕਾਸ ਪ੍ਰਾਜੈਕਟ ਸ਼ੁਰੂ ਕੀਤੇ ਜਾਂਦੇ ਹਨ ਅਤੇ ਇਨ੍ਹਾਂ ਪ੍ਰਾਜੈਕਟਾਂ ਵਿੱਚ ਗੁਣਵੱਤਾ ਪੱਖੋਂ ਕੋਈ ਸਮਝੌਤਾ ਨਹੀਂ ਕੀਤਾ ਜਾਣਾ ਚਾਹੀਦਾ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਚੱਲ ਰਹੇ ਵਿਕਾਸ ਪ੍ਰਾਜੈਕਟਾਂ ਦੌਰਾਨ ਸਬੰਧਤ ਵਿਭਾਗ ਅਤੇ ਅਧਿਕਾਰੀ ਇਹ ਯਕੀਨੀ ਬਣਾਉਣ ਕਿ ਕੰਮ ਗੁਣਵੱਤਾਪੂਰਨ ਤੇ ਨਿਰਧਾਰਤ ਮਿਆਰ ਅਨੁਸਾਰ ਕੀਤਾ ਗਿਆ ਹੋਵੇ। 
ਮੀਟਿੰਗ ਵਿੱਚ ਕਮਿਸ਼ਨਰ ਨਗਰ ਨਿਗਮ ਗੌਤਮ ਜੈਨ, ਜੁਆਇੰਟ ਕਮਿਸ਼ਨਰ ਰਾਕੇਸ਼ ਕੁਮਾਰ, ਏ.ਸੀ.ਪੀ. ਰੂਪਦੀਪ ਕੌਰ ਅਤੇ ਐਸ.ਡੀ.ਐਮ. ਰਣਦੀਪ ਸਿੰਘ ਹੀਰ ਤੋਂ ਇਲਾਵਾ ਹੋਰ ਵੀ ਅਧਿਕਾਰੀ ਮੌਜੂਦ ਸਨ।

Leave a Comment

Your email address will not be published. Required fields are marked *

Scroll to Top