ਚੰਡੀਗੜ੍ਹ, 5 ਮਈ: ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਮ ਆਦਮੀ ਪਾਰਟੀ ਸਰਕਾਰ ਦੀ ਸਖ਼ਤ ਆਲੋਚਨਾ ਕਰਦੇ ਹੋਏ, ਕਿਹਾ ਹੈ ਕਿ ਆਪਣੇ ਵਿਧਾਇਕਾਂ ਨੂੰ ਰਾਸ਼ਟਰਪਤੀ ਦ੍ਰੋਪਦੀ ਮੂਰਮੂ ਦੇ ਸਾਹਮਣੇ ਪੇਸ਼ ਕਰਨਾ ਸਿਰਫ਼ ਨਾਟਕਬਾਜ਼ੀ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਵਿੱਚ ਕੋਈ ਵੀ ਅਜਿਹਾ ਕਾਨੂੰਨ ਨਹੀਂ ਹੈ, ਜਿਹੜਾ ਚੁਣੇ ਹੋਏ ਜਨ ਪ੍ਰਤੀਨਿਧੀਆਂ ਨੂੰ ਵਾਪਸ ਬੁਲਾਉਣ ਦੀ ਇਜਾਜ਼ਤ ਦੇਂਦਾ ਹੋਵੇ।
ਇੱਥੇ ਪੱਤਰਕਾਰਾਂ ਨਾਲ ਇੱਕ ਗੈਰ ਰਸਮੀ ਗੱਲਬਾਤ ਦੌਰਾਨ, ਵੜਿੰਗ ਨੇ ਕਿਹਾ ਕਿ ਦਿੱਲੀ ਵਿੱਚ ਵਿਧਾਇਕਾਂ ਦੀ ਪਰੇਡ ਕਰਨਾ ਆਪ ਦੀ ਉਹੀ ਪੁਰਾਣੀ ਰਣਨੀਤੀ ਹੈ, ਜਿਸ ਨਾਲ ਪਾਰਟੀ ਸਾਲਾਂ ਤੋਂ ਚੱਲ ਰਹੀ ਹੈ।
ਉਨ੍ਹਾਂ ਨੇ ਸਵਾਲ ਕੀਤਾ ਕਿ ਰਾਸ਼ਟਰਪਤੀ ਅੱਗੇ ਆਪਣੇ ਵਿਧਾਇਕਾਂ ਨੂੰ ਪੇਸ਼ ਕਰਨ ਦਾ ਕੀ ਮਕਸਦ ਹੈ? ਜਦਕਿ ਕਿਸੇ ਨੇ ਵੀ ਇਹ ਨਹੀਂ ਕਿਹਾ ਕਿ ਪੰਜਾਬ ਵਿੱਚ ਆਪ ਕੋਲ ਬਹੁਮਤ ਘਟ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਕਈ ਵਾਰ ਮੁੱਖ ਮੰਤਰੀ ਆਪਣੇ ਵਿਧਾਇਕਾਂ ਨੂੰ ਰਾਸ਼ਟਰਪਤੀ ਅੱਗੇ ਬਹੁਮਤ ਸਾਬਤ ਕਰਨ ਲਈ ਪੇਸ਼ ਕਰਦੇ ਹਨ, ਲੇਕਿਨ ਜਦੋਂ ਇਸ ’ਤੇ ਸਵਾਲ ਖੜ੍ਹੇ ਹੁੰਦੇ ਹਨ, ਪ੍ਰੰਤੂ ਪੰਜਾਬ ਵਿੱਚ ਇਸ ਤਰ੍ਹਾਂ ਦੀ ਕੋਈ ਸਥਿਤੀ ਨਹੀਂ ਹੈ।
ਵੜਿੰਗ ਨੇ ਖੁਲਾਸਾ ਕੀਤਾ ਕਿ ਆਪ ਵੱਲੋਂ ਰਾਜ ਸਭਾ ਮੈਂਬਰਾਂ ਨੂੰ ਵਾਪਸ ਬੁਲਾਉਣ ਦੀ ਮੰਗ ਨਾ ਤਾਂ ਕਾਨੂੰਨੀ ਹੈ ਅਤੇ ਨਾ ਹੀ ਸੰਵਿਧਾਨਕ ਅਧਾਰ ਰੱਖਦੀ ਹੈ। ਉਨ੍ਹਾਂ ਨੇ ਸਪਸ਼ਟ ਕੀਤਾ ਕਿ ਇਕ ਵਾਰ ਕੋਈ ਵਿਧਾਇਕ ਜਾਂ ਸੰਸਦ ਮੈਂਬਰ ਚੁਣਿਆ ਜਾਂਦਾ ਹੈ, ਤਾਂ ਉਸਨੂੰ ਵਾਪਸ ਨਹੀਂ ਬੁਲਾਇਆ ਜਾ ਸਕਦਾ, ਸਿਰਫ਼ ਅਯੋਗ ਘੋਸ਼ਿਤ ਕੀਤਾ ਜਾ ਸਕਦਾ ਹੈ।
ਉਨ੍ਹਾਂ ਨੇ ਕਿਹਾ ਕਿ ਆਪ ਨੂੰ ਇਹ ਗੱਲ ਪਤਾ ਹੋਣ ਦੇ ਬਾਵਜੂਦ ਵੀ ਉਹ ਲੋਕਾਂ ਦਾ ਧਿਆਨ ਭਟਕਾਉਣ ਅਤੇ ਸੁਰਖੀਆਂ ਹਾਸਲ ਕਰਨ ਲਈ ਇਹ ਨਾਟਕ ਕਰ ਰਹੀ ਹੈ।
ਹਾਲਾਂਕਿ ਜਦੋਂ ਪੁੱਛਿਆ ਗਿਆ ਕਿ ਆਪ ਕਹਿ ਰਹੀ ਹੈ ਕਿ ਸੰਸਦ ਮੈਂਬਰਾਂ ਨੇ ਪਾਰਟੀ ਨਾਲ ਧੋਖਾ ਕੀਤਾ, ਤਾਂ ਵੜਿੰਗ ਨੇ ਜਵਾਬ ਦਿੱਤਾ ਕਿ ਕੀ ਇਨ੍ਹਾਂ ਨੇ ਪੰਜਾਬ ਦੇ ਲੋਕਾਂ ਅਤੇ ਆਪਣੇ ਵਰਕਰਾਂ ਨਾਲ ਧੋਖਾ ਨਹੀਂ ਕੀਤਾ ਸੀ, ਜਦੋਂ ਦੋ ਬਾਹਰੀਆਂ, ਕਾਰੋਬਾਰੀਆਂ ਅਤੇ ਉਦਯੋਗਪਤੀਆਂ ਨੂੰ ਰਾਜ ਸਭਾ ਵਿੱਚ ਭੇਜਿਆ ਗਿਆ? ਉਨ੍ਹਾਂ ਨੇ ਕਿਹਾ ਕਿ ਆਪ ਅੱਜ ਉਹੀ ਵਢ ਰਹੀ ਹੈ, ਜਿਹੜਾ ਇਸਨੇ ਬੀਜਿਆ ਸੀ ਅਤੇ ਹੁਣ ਪਛਤਾਉਣ ਦਾ ਕੋਈ ਫਾਇਦਾ ਨਹੀਂ ਹੈ।
ਪੰਜਾਬ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਆਪ ਨੇ ਵੱਡੇ ਉਦਯੋਗਪਤੀਆਂ ਨਾਲ ਸਮਝੌਤਾ ਕੀਤਾ ਸੀ, ਜਿਨ੍ਹਾਂ ਨੇ ਸਾਮ, ਦਾਮ, ਦੰਡ, ਭੇਦ ਦੇ ਸਿਧਾਂਤ ਮੁਤਾਬਕ ਪਾਰਟੀ ਦੀ ਮਦਦ ਕੀਤੀ ਅਤੇ ਹੁਣ ਜੇਕਰ ਉਹ ਲੋਕ ਆਪਣਾ ਰਸਤਾ ਬਦਲ ਰਹੇ ਹਨ, ਤਾਂ ਇਸ ਲਈ ਆਪ ਨੂੰ ਖੁਦ ਨੂੰ ਹੀ ਜ਼ਿੰਮੇਵਾਰ ਠਹਿਰਾਉਣਾ ਚਾਹੀਦਾ ਹੈ।

















































