ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕੋਟਕਪੂਰਾ ਵਿੱਚ ‘ਸ਼ੁਕਰਾਨਾ ਯਾਤਰਾ’ ਦੇ ਸਵਾਗਤ ਲਈ ਕੀਤੀ ਮੀਟਿੰਗ ਦੀ ਪ੍ਰਧਾਨਗੀ

ਚੰਡੀਗੜ੍ਹ, 6 ਮਈ: ਪੰਜਾਬ ਵਿਧਾਨ ਸਭਾ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਅੱਜ ਕੋਟਕਪੂਰਾ ਵਿਖੇ ਪਾਰਟੀ ਅਹੁਦੇਦਾਰਾਂ, ਬਲਾਕ ਪ੍ਰਧਾਨਾਂ, ਸਰਪੰਚਾਂ ਅਤੇ ਵੱਖ-ਵੱਖ ਵਿੰਗਾਂ ਦੇ ਆਗੂਆਂ ਨਾਲ ਆਉਣ ਵਾਲੀ ‘ਸ਼ੁਕਰਾਨਾ ਯਾਤਰਾ’ ਦੇ ਪ੍ਰਬੰਧਾਂ ਨੂੰ ਅੰਤਿਮ ਰੂਪ ਦੇਣ ਲਈ ਉੱਚ-ਪੱਧਰੀ ਮੀਟਿੰਗ ਕੀਤੀ।

ਉਨ੍ਹਾਂ ਅੱਗੇ ਦੱਸਿਆ ਕਿ ਇਹ ਮੀਟਿੰਗ 7 ਮਈ ਨੂੰ ਕੋਟਕਪੂਰਾ ਪਹੁੰਚਣ ਵਾਲੀ ’ਸ਼ੁਕਰਾਨਾ ਯਾਤਰਾ’ ਦੇ ਸ਼ਾਨਦਾਰ ਸਵਾਗਤ ਨੂੰ ਯਕੀਨੀ ਬਣਾਉਣ ਲਈ ਮੁੱਖ ਜ਼ਿੰਮੇਵਾਰੀਆਂ ਸੌਂਪਣ ’ਤੇ ਕੇਂਦ੍ਰਿਤ ਸੀ।

ਇਸ ਮੌਕੇ ਬੋਲਦਿਆਂ ਸਪੀਕਰ ਸੰਧਵਾਂ ਨੇ ‘ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਬਿੱਲ 2026’ ਦੀ ਮਹੱਤਤਾ ਬਾਰੇ ਵੀ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ ਮਾਨ ਸਰਕਾਰ ਦੀ ਪਹਿਲ ਹੁਣ ਇੱਕ ਇਤਿਹਾਸਕ ਕਾਨੂੰਨ ਬਣ ਗਈ ਹੈ,ਜਿਸ ਨਾਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰਤਾ ਅਤੇ ਸਤਿਕਾਰ ਦੀ ਰੱਖਿਆ ਲਈ ਕਾਨੂੰਨੀ ਢਾਂਚੇ ਨੂੰ ਕਾਫ਼ੀ ਮਜ਼ਬੂਤੀ ਮਿਲੀ ਹੈ।

ਸ. ਸੰਧਵਾਂ ਨੇ ਕਿਹਾ,‘‘ ਇਹ ਯਾਤਰਾ ਇਸ ਇਤਿਹਾਸਕ ਕਾਨੂੰਨ ਲਈ ਸ਼ੁਕਰਾਨਾ ਅਤੇ ਖੁਸ਼ੀ ਦਾ ਸੁਹਿਰਦ ਇਜ਼ਹਾਰ ਹੈ।’’ ਇਹ ‘ਸ਼ੁਕਰਾਨਾ ਯਾਤਰਾ’ 6 ਮਈ ਨੂੰ ਆਨੰਦਪੁਰ ਸਾਹਿਬ ਤੋਂ ਸ਼ੁਰੂ ਹੋ ਕੇ 9 ਮਈ ਨੂੰ ਫਤਿਹਗੜ੍ਹ ਸਾਹਿਬ ਵਿਖੇ ਸਮਾਪਤ ਹੋਵੇਗੀ।

ਸਪੀਕਰ ਨੇ ਸਾਰੇ ਪੰਚ-ਸਰਪੰਚਾਂ, ਧਾਰਮਿਕ ਸ਼ਖਸੀਅਤਾਂ, ਸਮਾਜਿਕ ਸੰਗਠਨਾਂ ਅਤੇ ਪਾਰਟੀ ਵਰਕਰਾਂ ਨੂੰ ਇਸ ਇਤਿਹਾਸਕ ਮੌਕੇ ਨੂੰ ਮਨਾਉਣ ਲਈ 7 ਮਈ ਨੂੰ ਸ਼ਾਮ 4:00 ਵਜੇ ਕੋਟਕਪੂਰਾ ਮੰਡੀ ਗੇਟ (ਬਠਿੰਡਾ ਰੋਡ) ਵਿਖੇ ਵੱਡੀ ਗਿਣਤੀ ਵਿੱਚ ਇਕੱਤਰ ਹੋਣ ਦੀ ਦਿਲੋਂ ਅਪੀਲ ਕੀਤੀ।

ਮੀਟਿੰਗ ਵਿੱਚ ਮਨਪ੍ਰੀਤ ਸਿੰਘ ਮਨੀ ਧਾਲੀਵਾਲ, ਕਮਲ ਮਾਨ ਆਸਟ੍ਰੇਲੀਆ, ਮਿਹਰ ਸਿੰਘ ਚਾਨੀ (ਬਲਾਕ ਪ੍ਰਧਾਨ), ਮਾਸਟਰ ਕੁਲਦੀਪ ਸਿੰਘ, ਹਰਵਿੰਦਰ ਸਿੰਘ (ਬਲਾਕ ਪ੍ਰਧਾਨ), ਅਮਰੀਕ ਸਿੰਘ (ਸਰਪੰਚ ਡਾਗੋ ਰੁਮਾਣਾ), ਸੁਖਵੰਤ ਸਿੰਘ ਨੰਬਰਦਾਰ (ਯੂਥ ਲੀਡਰ), ਗੁਰਦੀਪ ਸ਼ਰਮਾ, ਲਾਡੀ ਢੁੱਡੀ, ਰਵਿੰਦਰ ਗੋਇਲ, ਨਰੇਸ਼ ਸਿੰਗਲਾ, ਸੁਖਦੀਪ ਸਿੰਘ ਨਥੇਵਾਲਾ, ਕੁਲਦੀਪ ਸਿੰਘ ਮੌੜ (ਸੋਸ਼ਲ ਮੀਡੀਆ), ਪ੍ਰਦੀਪ ਸਿੰਘ ਬਰਾੜ, ਪ੍ਰਿੰਸ ਬਹਿਲ ਅਤੇ ਅਸ਼ਵਨੀ ਕੁਮਾਰ ਸਮੇਤ ਕਈ ਹੋਰ ਸ਼ਖਸੀਅਤਾਂ  ਮੌਜੂਦ ਸੀ।

Leave a Comment

Your email address will not be published. Required fields are marked *

Scroll to Top