“ਪਿਆਰੇ ਵੋਟਰ ਸਾਥੀਓ”
ਜਲੰਧਰ – 2009 ਵਿੱਚ ਪ੍ਰਵਾਸੀ ਪੰਛੀ ਬਣਕੇ ਲੁਧਿਆਣੇ ਤੋਂ ਸ਼੍ਰੀ ਰਵਨੀਤ ਬਿੱਟੂ, 2014 ਵਿੱਚ ਪ੍ਰਵਾਸੀ ਪੰਛੀ ਬਣਕੇ ਸ੍ਰੀ ਪ੍ਰੇਮ ਸਿੰਘ ਚੰਦੂਮਾਜਰਾ, 2019 ਵਿੱਚ ਪ੍ਰਵਾਸੀ ਪੰਛੀ ਬਣਕੇ ਸ਼੍ਰੀ ਮਨੀਸ਼ ਤਿਵਾੜੀ ਜੀ ਆਏ। ਇਹਨਾਂ ਪ੍ਰਵਾਸੀ ਪੰਛੀਆਂ ਨੇ ਪੰਜਾਂ ਸਾਲਾਂ ਦਾ ਮਿਲਦਾ 25 ਕਰੋੜ ਦਾ ਵਿਕਾਸ ਫੰਡ ਕਿਸੇ ਨੇ ਲੁਧਿਆਣੇ ਖਰਚ ਦਿੱਤਾ, ਕਿਸੇ ਨੇ ਸਨੋਰ, ਘਨੌਰ, ਪਟਿਆਲੇ ਅਤੇ ਕਿਸੇ ਨੇ ਸੁਖਣਾ ਝੀਲਾਂ ਤੇ ਚੰਡੀਗੜ੍ਹ। ਇਹਨਾਂ ਪ੍ਰਵਾਸੀ ਪੰਛੀਆਂ ਦੀ ਲੜੀ ਵਿੱਚ ਅੱਜ ਫਿਰ ਕਾਂਗਰਸ ਨੇ ਸੰਗਰੂਰ ਤੋਂ ਲਿਆ ਕੇ ਸਿੰਗਲਾ, ਆਪ ਪਾਰਟੀ ਨੇ ਮੱਧ ਪ੍ਰਦੇਸ਼ ਤੋਂ ਮਾਲਵਿੰਦਰ ਕੰਗ, ਅਕਾਲੀ ਦਲ ਨੇ ਪਟਿਆਲੇ ਤੋਂ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਭਾਜਪਾ ਨੇ ਅੰਮ੍ਰਿਤਸਰ ਤੋਂ ਸ਼ੁਭਾਸ਼ ਸ਼ਰਮਾ ਉਮੀਦਵਾਰ ਦਿੱਤਾ।
ਇਹਨਾਂ ਪ੍ਰਵਾਸੀ ਪੰਛੀਆਂ ਨੇ ਕਦੀ ਵੀ ਲੋਕ ਸਭਾ ਦੇ ਵਿਕਾਸ ਲਈ ਕੋਈ ਕੰਮ ਨਹੀਂ ਕੀਤਾ। ਅੱਜ ਲੋਕ ਸਭਾ ਦੇ ਵੋਟਰ ਇਹ ਨਹੀਂ ਦੱਸ ਸਕਦੇ ਕਿ ਇਹਨਾਂ ਪ੍ਰਵਾਸੀ ਪੰਛੀਆ ਨੇ ਲੋਕ ਸਭਾ ਵਿੱਚ ਜਾਕੇ ਵਿਕਾਸ ਦੀ ਕੋਈ ਗੱਲ ਕੀਤੀ ਹੋਵੇ ਜਾਂ ਕੇਂਦਰ ਤੋਂ ਕੋਈ ਵੱਡਾ ਪ੍ਰੋਜੈਕਟ ਲਿਆਂਦਾ ਹੋਵੇ। ਇਹ ਤਾਂ ਇੰਨੇ ਆਪਣੇ ਪੇਕਿਆਂ ਨੂੰ ਤਰਸਣ ਵਾਲੇ ਸਨ ਕਿ 100 ਕਰੋੜ ਵਿਕਾਸ ਫੰਡ ਦਾ ਡਾਕਾ ਪਟਿਆਲੇ ਸਨੌਰ ਘਨੌਰ, ਲੁਧਿਆਣੇ ਤੇ ਚੰਡੀਗੜ੍ਹ ਖਰਚਿਆ ਗਿਆ। ਚਾਰ ਜਿਲੇ ਰੋਪੜ ਮੋਹਾਲੀ ਨਵਾਂਸ਼ਹਿਰ ਹੁਸ਼ਿਆਰਪੁਰ ਲੋਕ ਸਭਾ ਚ ਪੈਂਦੇ ਹਨ ਇੱਕ ਵੀ ਮੈਡੀਕਲ ਕਾਲਜ ਨਹੀਂ, ਜਦੋਂਕਿ ਲੁਧਿਆਣੇ ਦੋ, ਪਟਿਆਲੇ ਦੋ, ਚੰਡੀਗੜ੍ ਚਾਰ ਮੈਡੀਕਲ ਕਾਲਜ ਹਨ। ਪੂਰੀ ਲੋਕ ਸਭਾ ਚ ਇੱਕ ਵੀ ਮੈਡੀਕਲ ਕਾਲਜ ਨਹੀਂ ਕਿਉਂਕਿ ਪ੍ਰਵਾਸੀ ਪੰਛੀਆਂ ਨੇ ਕਦੀ ਵੀ ਲੋਕ ਸਭਾ ਦੇ ਲੋਕਾਂ ਦੇ ਦੁੱਖਾਂ ਦਰਦਾਂ ਨੂੰ ਦੂਰ ਕਰਨ ਲਈ ਕੋਈ ਪ੍ਰੋਗਰਾਮ ਨਹੀਂ ਦਿੱਤਾ ਅਤੇ ਕਾਫੀ ਮੁੱਦੇ ਅਧੂਰੇ ਪਏ ਹਨ ਜਿਵੇਂ
ਸ਼੍ਰੀ ਅਨੰਦਪੁਰ ਸਾਹਿਬ ਨੂੰ ਜਾਂਦੀਆਂ ਸੰਪਰਕ ਸੜਕਾਂ ਅਤੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਸਥਾਨ ਖੁਰਾਲਗੜ੍ਹ ਸਾਹਿਬ ਦੀਆਂ ਸੜਕਾਂ ਨੂੰ ਚੌੜੀਆਂ ਪੱਕਾ ਤੇ ਚਾਰ ਮਾਰਗੀ, ਨਰੇਗਾ ਮਜ਼ਦੂਰਾਂ ਦੀ ਮਜ਼ਦੂਰੀ ਤੇ ਕੰਮ ਦੇ ਦਿਨ ਵਧਾਉਣ ਦੀ ਗੱਲ, ਵਿਦਿਆਰਥੀਆਂ ਦੇ ਪੋਸਟ ਮੈਟਰਿਕ ਸਕਾਲਰਸ਼ਿਪ ਸਕੀਮਾਂ ਦੇ ਫੰਡਾਂ ਵਿੱਚ ਵਾਧੇ ਦੀ ਗੱਲ, ਰਾਈਟ ਟੂ ਐਜੂਕੇਸ਼ਨ ਐਕਟ ਲਾਗੂ ਕਰਨ ਦਾ ਮੁੱਦਾ, ਮੋਹਾਲੀ ਏਅਰਪੋਰਟ ਤੇ ਇੰਟਰਨੈਸ਼ਨਲ ਉਡਾਣਾ ਨੂੰ ਵਧਾਉਣ ਦੀ ਗੱਲ, ਕੇਂਦਰੀ ਪ੍ਰੋਜੈਕਟ ਲਿਆਕੇ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣ ਦੀ ਗੱਲ, ਅਗਨੀਵੀਰ ਸਕੀਮ, ਪੁਰਾਣੀ ਪੈਨਸ਼ਨ ਸਕੀਮ, ਅਵਾਰਾ ਪਸ਼ੂਆਂ ਦੀ ਸਮੱਸਿਆ, ਕੰਢੀ ਕਨਾਲ ਮੁੱਦਾ, ਚੰਗਰ ਦੇ ਇਲਾਕੇ ਵਿੱਚ ਪਾਣੀ ਦੀ ਸਮੱਸਿਆ ਆਦਿ ਮੁੱਦਿਆਂ ਤੇ ਇਹਨਾਂ ਪਰਵਾਸੀ ਪੰਛੀਆਂ ਨੇ ਕਦੀ ਵੀ ਪਾਰਲੀਮੈਂਟ ਵਿੱਚ ਨਹੀਂ ਬੋਲਿਆ।
ਇਹਨਾਂ ਹਾਲਾਤਾਂ ਵਿੱਚ ਬਣ ਜਾਂਦਾ ਹੈ ਕਿ ਅਸੀਂ ਆਪਣੇ ਇਲਾਕੇ ਦੇ ਇਕਲੌਤੇ ਉਮੀਦਵਾਰ ਬਸਪਾ ਵੱਲੋਂ ਸ ਜਸਵੀਰ ਸਿੰਘ ਗੜੀ ਨੂੰ ਇੱਕ ਇੱਕ ਵੋਟ ਪਾ ਕੇ ਲੋਕ ਸਭਾ ਦੇ ਵਿਕਾਸ ਨੂੰ ਧਿਆਨ ਵਿੱਚ ਰੱਖਦੇ ਹੋਏ ਵੱਡਾ ਫੈਸਲਾ ਲਈਏ , ਸ ਜਸਵੀਰ ਸਿੰਘ ਗੜੀ ਜਿੱਥੇ ਦਸ਼ਮੇਸ਼ ਪਿਤਾ ਦੇ ਸੁਪਨਿਆਂ ਦੇ ਦਲਿਤ ਗਰੀਬ ਸਿੱਖ ਹਨ ਉੱਥੇ ਹੀ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਅਨਿਨ ਸ਼ਰਧਾਲੂ ਹਨ।

















































