ਜਲੰਧਰ, 19 ਜੁਲਾਈ – ਪਾਸਪੋਰਟ ਐਪਲੀਕੇਸ਼ਨ ਪ੍ਰੋਸੈਸਿੰਗ ਸਰਵਿਸ ਦਾ ਤੇਜ਼ੀ ਅਤੇ ਬਿਨਾਂ ਕਿਸੇ ਪਰੇਸ਼ਾਨੀ ਦੇ ਲਾਭ ਉਠਾਉਣ ਲਈ ਖੇਤਰੀ ਪਾਸਪੋਰਟ ਅਫ਼ਸਰ ਅਭਿਸ਼ੇਕ ਸ਼ਰਮਾ ਆਈ.ਐਫ.ਐਸ. ਵਲੋਂ ਬਿਨੈਕਾਰਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਪਾਸਪੋਰਟ ਬਿਨੇਪੱਤਰ ਫਾਰਮ ਭਰਨ ਸਮੇਂ ਆਪਣੇ ਸਾਰੇ ਲੋੜੀਂਦੇ ਦਸਤਾਵੇਜਾਂ ਨੂੰ ਡਿਜੀ ਲਾਕਰ ਖਾਤੇ ਤੋਂ ਪਾਸਪੋਰਟ ਸੇਵਾ ਪ੍ਰਣਾਲੀ ਨਾਲ ਸਾਂਝਾ ਕਰਨ ਜਾਂ ਆਪਣੇ ਦਸਤਾਵੇਜਾਂ ਨੂੰ ਡਿਜੀਲਾਕਰ ਐਪ ਵਿੱਚ ਅਪਲੋਡ ਕਰਕੇ ਆਪਣੇ ਕੋਲ ਰੱਖਿਆ ਜਾਵੇ।
ਉਨ੍ਹਾਂ ਕਿਹਾ ਕਿ ਇਸ ਨਾਲ ਦਸਤਾਵੇਜਾਂ ਨੂੰ ਤਸਦੀਕ ਦਾ ਕੰਮ ਤੇਜ਼ੀ ਨਾਲ ਹੋਵੇਗਾ ਤੇ ਦਸਤਾਵੇਜਾਂ ਦੀ ਕਿਸੇ ਵੀ ਸੰਭਾਵਿਤ ਜਾਅਲਸਾਜੀ ਦੀ ਜਾਂਚ ਵੀ ਹੋ ਸਕੇਗੀ।
ਉਨ੍ਹਾਂ ਇਹ ਵੀ ਕਿਹਾ ਕਿ ਡਿਜੀਲਾਕਰ ਐਪ ਵਿੱਚ ਰੱਖੇ ਜਾਣ ਵਾਲੇ ਦਸਤਾਵੇਜ ਜਿਵੇਂ ਅਧਾਰ ਕਾਰਡ, ਡਰਾਇਵਿੰਗ ਲਾਇਸੰਸ, ਵੋਟਰ ਪਹਿਚਾਣ ਪੱਤਰ, ਪੈਨ ਕਾਰਡ, ਜਨਮ ਸਰਟੀਫਿਕੇਟ, ਰਾਸ਼ਨ ਕਾਰਡ, 10ਵੀਂ ਪਾਸ ਸਰਟੀਫਿਕੇਟ, ਬਿਜਲੀ ਬਿੱਲ ਅਤੇ ਟੈਲੀਫੋਨ ਬਿੱਲ ਆਦਿ ਸ਼ਾਮਿਲ ਹਨ।
ਉਨ੍ਹਾਂ ਕਿਹਾ ਕਿ ਰੀਜ਼ਨਲ ਪਾਸਪੋਰਟ ਦਫ਼ਤਰ, ਜਲੰਧਰ ਬਿਨੈਕਾਰਾਂ ਨੂੰ ਨਿਰਵਿਘਨ ਸੇਵਾਵਾਂ ਮੁਹੱਈਆ ਕਰਵਾਉਣ ਅਤੇ ਉਨਾਂ ਦੀਆਂ ਸਮੱਸਿਆਵਾਂ ਦੇ ਨਿਪਟਾਰੇ ਲਈ ਹਮੇਸ਼ਾਂ ਤੱਤਪਰ ਹੈ।

















































