ਕੈਬਨਿਟ ਮੰਤਰੀ ਨੇ ਅਪਾਹਜ ਆਸ਼ਰਮ ਵਿਖੇ ਬਜ਼ੁਰਗਾਂ ਅਤੇ ਦਿਵਿਆਂਗਜਨ ਨਾਲ ਮਨਾਈ ਦਿਵਾਲੀ, ਦੀਨ-ਦੁਖੀਆਂ ਦੀ ਸੇਵਾ ਪ੍ਰਮਾਤਮਾ ਦੀ ਸੇਵਾ ਦੇ ਬਰਾਬਰ : ਮਹਿੰਦਰ ਭਗਤ

ਜਲੰਧਰ, 30 ਅਕਤੂਬਰ: ਪੰਜਾਬ ਦੇ ਬਾਗਬਾਨੀ, ਸੁਤੰਤਰਤਾ ਸੈਨਾਨੀ ਅਤੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਮਹਿੰਦਰ ਭਗਤ ਨੇ ਅੱਜ ਸਥਾਨਕ ਅਪਾਹਜ ਆਸ਼ਰਮ ਵਿਖੇ ਦਿਵਾਲੀ ਨੂੰ ਸਮਰਪਿਤ ਕਰਵਾਏ ਗਏ ਸਮਾਗਮ ਵਿੱਚ ਸ਼ਿਰਕਤ ਕਰਦਿਆਂ ਕਿਹਾ ਕਿ ਦੀਨ-ਦੁਖੀਆਂ ਦੀ ਸੇਵਾ ਪ੍ਰਮਾਤਮਾ ਦੀ ਸੇਵਾ ਦੇ ਬਰਾਬਰ ਹੈ। ਉਨ੍ਹਾਂ ਅਜਿਹੇ ਵਿਅਕਤੀਆਂ ਦੀ ਭਲਾਈ ਲਈ ਅੱਗੇ ਆਉਣ ਵਾਲੇ ਦਾਨੀ ਸੱਜਣਾਂ ਅਤੇ ਸਮਾਜ ਸੇਵੀ ਸੰਸਥਾਵਾਂ ਦੀ ਸ਼ਲਾਘਾ ਕਰਦਿਆਂ ਹਰੇਕ ਵਿਅਕਤੀ ਨੂੰ ਮਨੁੱਖਤਾ ਦੀ ਸੇਵਾ ਲਈ ਅੱਗੇ ਆਉਣ ਦਾ ਸੱਦਾ ਦਿੱਤਾ। ਇਸ ਮੌਕੇ ਉਨ੍ਹਾਂ ਨਾਲ ਪਦਮ ਸ਼੍ਰੀ ਵਿਜੇ ਚੋਪੜਾ ਅਤੇ ਡਵੀਜ਼ਨਲ ਕਮਿਸ਼ਨਰ ਪ੍ਰਦੀਪ ਕੁਮਾਰ ਸਮੇਤ ਸਮਾਜ ਸੇਵੀ ਸੰਸਥਾਵਾਂ ਦੇ ਅਹੁਦੇਦਾਰ ਵੀ ਮੌਜੂਦ ਸਨ।


ਇਥੇ ਬਜ਼ੁਰਗਾਂ ਅਤੇ ਦਿਵਿਆਂਗਜਨ ਨਾਲ ਦਿਵਾਲੀ ਦਾ ਤਿਉਹਾਰ ਮਨਾਉਣ ਲਈ ਪਹੁੰਚੇ ਕੈਬਨਿਟ ਮੰਤਰੀ ਨੇ ਕਿਹਾ ਕਿ ਸੇਵਾ ਹੀ ਮਨੁੱਖੀ ਜੀਵਨ ਦੀ ਅਸਲ ਸੁੰਦਰਤਾ ਹੈ ਅਤੇ ਉਹ ਸਥਾਨ ਬੜਾ ਪਵਿੱਤਰ ਹੁੰਦਾ ਹੈ, ਜਿਥੇ ਮਨੁੱਖਤਾ ਦੀ ਸੇਵਾ ਹੁੰਦੀ ਹੈ। ਉਨ੍ਹਾਂ ਆਸ਼ਰਮ ਲਈ 5 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਾ ਐਲਾਨ ਕਰਦਿਆਂ ਸੂਬਾ ਸਰਕਾਰ ਵੱਲੋਂ ਵੀ ਹਰ ਸੰਭਵ ਸਹਾਇਤਾ ਦਾ ਭਰੋਸਾ ਦਿਵਾਇਆ।


ਉਨ੍ਹਾਂ ਇਸ ਮੌਕੇ ਅਪਾਹਜ ਆਸ਼ਰਮ ਅਤੇ ਲਾਲਾ ਰਾਮ ਕਿਸ਼ੋਰ ਕਪੂਰ ਵਿਕਲਾਂਗ ਟਰੱਸਟ ਅਤੇ ਸਵ. ਪ੍ਰੋ. ਸੰਤ ਸਿੰਘ ਦੀ ਯਾਦ ਵਿੱਚ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਆਸ਼ਰਮ ਵਿਖੇ ਨਿਭਾਈ ਜਾ ਰਹੀ ਸੇਵਾ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਕੀਤੀ ਜਾ ਰਹੀ ਨਿਰਸਵਾਰਥ ਸੇਵਾ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ, ਓਨੀ ਘੱਟ ਹੈ।
ਆਸ਼ਰਮ ਦੇ ਅਹੁਦੇਦਾਰਾਂ ਨੂੰ ਮਨੁੱਖਤਾ ਦੀ ਸੇਵਾ ਲਈ ਹੋਰ ਵਧ-ਚੜ੍ਹ ਕੇ ਕੰਮ ਕਰਨ ਲਈ ਉਤਸ਼ਾਹਿਤ ਕਰਦਿਆਂ ਉਨ੍ਹਾਂ ਹੋਰਨਾਂ ਨੂੰ ਵੀ ਸਮਾਜ ਭਲਾਈ ਦੇ ਕੰਮਾਂ ਵਿੱਚ ਵਧ-ਚੜ੍ਹ ਕੇ ਭਾਗ ਲੈਣ ਦਾ ਸੱਦਾ ਦਿੱਤਾ।
ਇਸ ਮੌਕੇ ਅਪਾਹਜ ਆਸ਼ਰਮ ਦੇ ਚੇਅਰਮੈਨ ਤਰਸੇਮ ਕਪੂਰ, ਸੁਨੀਤਾ ਕਪੂਰ, ਡਾ. ਜਗਦੀਪ ਸਿੰਘ, ਡਾ. ਗਗਨਦੀਪ ਸਿੰਘ ਆਦਿ ਵੀ ਮੌਜੂਦ ਸਨ।

Leave a Comment

Your email address will not be published. Required fields are marked *

Scroll to Top