Crpf ਦਾ ਜਵਾਨ ਸ਼ਹੀਦ ਦੀਪਕ ਸ਼ਰਮਾ, ਆਖਰੀ ਸਾਹਾਂ ਤੱਕ ਖਾੜਕੂਆਂ ਨਾਲ ਕੀਤਾ ਭਿਆਨਕ ਮੁਕਾਬਲਾ

ਜਲੰਧਰ- ਸੀਆਰਪੀਐਫ ਦਾ ਜਵਾਨ ਸ਼ਹੀਦ ਦੀਪਕ ਸ਼ਰਮਾ ਪਿੰਡ ਖਮੇੜਾ ਤਹਿਸੀਲ ਅਨੰਦਪੁਰ ਜਿਲ੍ਹਾ ਰੋਪੜ ਦਾ ਹੋਣਹਾਰ ਜਵਾਨ ਸੀ। ਸ਼ਹੀਦ ਦੀਪਕ ਸ਼ਰਮਾ ਦਾ ਜਨਮ 9/01/1981 ਨੂੰ ਪਿਤਾ ਸ਼੍ਰੀ ਸੋਮਨਾਥ ਦੇ ਘਰ ਹੋਇਆ। ਦੀਪਕ ਸ਼ਰਮਾ ਨੇ ਆਪਣੀ ਮੁੱਢਲੀ ਪੜ੍ਹਾਈ ਐਚ ਡੀ ਐਨ ਸਕੂਲ ਭਨੁਪਲੀ ਤੋਂ ਕੀਤੀ ਅਤੇ ਆਪਣੀ ਗ੍ਰੈਜੂਏਸ਼ਨ ਸ਼੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਅੰਨਦਪੁਰ ਸਾਹਿਬ ਤੋਂ ਕੀਤੀ। ਦੀਪਕ ਸ਼ਰਮਾ ਦਾ ਇੱਕ ਭਰਾ ਸੀ ਅਤੇ ਦੀਪਕ ਨੂੰ ਫੌਜ ਵਿੱਚ ਭਰਤੀ ਹੋਣ ਦਾ ਬਹੁਤ ਸ਼ੌਕ ਸੀ।

ਗ੍ਰੈਜੂਏਸ਼ਨ ਪੂਰੀ ਹੋਣ ਤੋਂ ਬਾਅਦ ਦੀਪਕ ਸ਼ਰਮਾ ਜਿਹੜੀ ਵੀ ਕੋਈ ਭਰਤੀ ਦੀ ਖਬਰ ਸੁਣਦੇ ਤਾਂ ਭਰਤੀ ਦੇਖਣ ਚੱਲੇ ਜਾਂਦੇ। ਜਦੋਂ ਦੀਪਕ ਸ਼ਰਮਾ ਨੂੰ ਸੀਆਰਪੀਐਫ ਦੀ ਭਰਤੀ ਦਾ ਪਤਾ ਲੱਗਿਆ ਤਾਂ ਘਰੋ ਆਗਿਆ ਲੈਕੇ ਕੇ ਭਰਤੀ ਦੇਖਣ ਚੱਲੇ ਗਏ। 20/04/2004 ਨੂੰ ਦੀਪਕ ਸ਼ਰਮਾ ਸੀਆਰਪੀਐਫ ਵਿੱਚ ਭਰਤੀ ਹੋ ਗਏ। ਭਰਤੀ ਹੋਣ ਤੋਂ ਬਾਅਦ ਦੀਪਕ ਸ਼ਰਮਾ ਸ਼ਿਵਪੁਰੀ ਮੱਧ ਪ੍ਰਦੇਸ਼ ਟਰੇਨਿੰਗ ਕਰਨ ਚੱਲ ਗਏ। ਦੀਪਕ ਸ਼ਰਮਾ ਬਹੁਤ ਹੀ ਚੁਸਤ ਅਤੇ ਫੁਰਤੀਲੇ ਜਵਾਨਾਂ ਵਿੱਚੋਂ ਇੱਕ ਆਉਦੇ ਸਨ।

ਮੱਧ ਪ੍ਰਦੇਸ਼ ਪਹੁੰਚਦੇ ਹੀ ਟਰੇਨਿੰਗ ਸੇਟਰ ਵਿੱਚ ਉਸਤਾਦ ਰਾਜ ਕੁਮਾਰ ਨਾਲ ਮੁਲਾਕਾਤ ਹੋਈ। ਉਨ੍ਹਾਂ ਨੇ ਦੀਪਕ ਸ਼ਰਮਾ ਅਤੇ ਹੋਰ ਜਵਾਨਾਂ ਨੂੰ ਸੀਆਰਪੀਐਫ ਦੀ ਜਾਣਕਾਰੀ ਦਿੱਤੀ ਅਤੇ ਰਾਤ ਰੁਕਣ ਦਾ ਪ੍ਰਬੰਧ ਵੀ ਕੀਤਾ। 10-15 ਨਵੇਂ ਜਵਾਨ ਰਾਤ ਕੱਟਣ ਤੋਂ ਬਾਅਦ ਉਸਤਾਦ ਰਾਜ ਕੁਮਾਰ ਸੀਆਰਪੀਐਫ ਦੇ ਦਫਤਰ ਲੈ ਗਏ। ਇਹਨਾਂ ਜਵਾਨਾਂ ਨੂੰ ਸੀਨੀਅਰ ਅਧਿਕਾਰੀਆਂ ਨਾਲ ਮਿਲਾਇਆ। ਉੱਥੇ ਇਹਨਾਂ ਜਵਾਨਾਂ ਨੂੰ ਸੀਆਰਪੀਐਫ ਦਾ ਕੁਝ ਜਰੂਰੀ ਸਮਾਨ ਵੀ ਦਿੱਤਾ ਗਿਆ। ਕੁਝ ਦਿਨਾਂ ਬਾਅਦ ਫੋਰਸ ਨੰਬਰ ਵੀ ਦਿੱਤਾ ਗਿਆ ਅਤੇ ਟ੍ਰੇਨਿੰਗ ਸ਼ੁਰੂ ਕਰ ਦਿੱਤੀ।

ਰਾਜ ਕੁਮਾਰ ਸਮੇਂ ਸਮੇਂ ਤੇ ਸਾਰੀ ਜਾਣਕਾਰੀ ਇਹਨਾਂ ਜਵਾਨਾਂ ਨਾਲ ਸਾਂਝੀ ਕਰਦੇ। ਸਾਰੇ ਜਵਾਨ ਰੋਜ਼ ਸਵੇਰੇ 4 ਵਜੇ ਉੱਠ ਜਾਂਦੇ ਅਤੇ ਪੀਟੀ ਪਰੇਡ ਕਰਨ ਤੋਂ ਬਾਅਦ ਟਰੇਨਿੰਗ ਲਈ ਗਰਾਊਂਡ ਵਿੱਚ ਆ ਜਾਂਦੇ। ਇਸੇ ਤਰ੍ਹਾਂ ਹੌਲੀ ਹੌਲੀ ਟਰੇਨਿੰਗ ਪੂਰੀ ਹੋ ਗਈ ਅਤੇ ਦੀਪਕ ਸ਼ਰਮਾ ਦੀ ਬਟਾਲੀਅਨ ਜੰਗਲ ਕੈਂਪ ਲਈ ਰਵਾਨਾ ਹੋ ਗਈ। ਜੰਗਲ ਕੈਂਪ ਜਾਣ ਤੋਂ ਪਹਿਲਾਂ ਉਸਤਾਦਾਂ ਨੇ ਦੀਪਕ ਸ਼ਰਮਾ ਅਤੇ ਹੋਰ ਜਵਾਨਾਂ ਨੂੰ ਜੰਗਲ ਦੀ ਜਾਣਕਾਰੀ ਦਿੱਤੀ ਕਿ ਜੰਗਲਾਂ ਵਿੱਚੋਂ ਕੋਈ ਵੀ ਫਾਲਤੂ ਚੀਜ਼ ਨਹੀਂ ਖਾਣੀ। ਜੰਗਲ ਵਿੱਚ ਕਈ ਤਰ੍ਹਾਂ ਦੇ ਜਾਨਵਰ ਵੀ ਦੇਖਣ ਨੂੰ ਮਿਲੇ ਪਰ ਉਸਤਾਦਾਂ ਦੇ ਦੱਸਣ ਅਨੁਸਾਰ ਜਵਾਨ ਇਹਨਾਂ ਸਭ ਜਾਨਵਰਾਂ ਤੋਂ ਕਿਨਾਰਾ ਵੱਟ ਕੇ ਚਲੇ ਜਾਂਦੇ।

ਇਸੇ ਤਰ੍ਹਾਂ ਜੰਗਲ ਕੈਂਪ ਦੀ ਟਰੇਨਿੰਗ ਵੀ ਪੂਰੀ ਹੋ ਗਈ ਅਤੇ ਸਾਰੇ ਜਵਾਨ ਵਾਪਸ ਆਪਣੇ ਟ੍ਰੇਨਿੰਗ ਸੈਂਟਰ ਪਹੁੰਚ ਗਏ। ਕੁਝ ਦਿਨਾਂ ਵਿੱਚ ਦੀਪਕ ਸ਼ਰਮਾ ਦੀ ਬਟਾਲੀਅਨ ਦੀ ਕਸਮ ਪਰੇਡ ਹੋ ਗਈ। ਕਸਮ ਪਰੇਡ ਤੋਂ ਬਾਅਦ ਸਾਰੇ ਜਵਾਨਾਂ ਨੂੰ ਕੁਝ ਦਿਨਾਂ ਦੀ ਛੁੱਟੀ ਦੇ ਕੇ ਘਰ ਭੇਜਿਆ ਗਿਆ। ਹੱਸਦੇ ਖੇਡਦੇ ਪਰਿਵਾਰ ਨਾਲ ਛੁੱਟੀ ਕੱਟਣ ਤੋਂ ਬਾਅਦ ਦੀਪਕ ਸ਼ਰਮਾ 155 ਬਟਾਲੀਅਨ ਜੰਮੂ ਕਸ਼ਮੀਰ ਵਾਪਸ ਆ ਗਏ। 155 ਬਟਾਲੀਅਨ ਹਰ ਰੋਜ ਕਿਤੇ ਨਾ ਕਿਤੇ ਅੱਤਵਾਦੀਆਂ ਨੂੰ ਗਿਰਫਤਾਰ ਕਰਕੇ ਲਿਆਉਂਦੀ ਅਤੇ ਕਈ ਵਾਰ ਅੱਤਵਾਦੀਆਂ ਨਾਲ ਕਾਊਂਟਰ ਵੀ ਹੁੰਦੇ ਹੀ ਰਹਿੰਦੇ।

16 ਨਵੰਬਰ 2005 ਨੂੰ, 155 ਬਟਾਲੀਅਨ ਸੀ.ਆਰ.ਪੀ.ਐਫ. ਦੀਆਂ ਟੁਕੜੀਆਂ ਨੂੰ ਪੀ.ਐਸ. ਅਵੰਤੀਪੋਰਾ, ਜ਼ਿਲੇ ਦੇ ਖੇਤਰ ਵਿੱਚ ਰੋਡ ਓਪਨਿੰਗ ਪੈਟਰੋਲਿੰਗ ਲਈ ਤਾਇਨਾਤ ਕੀਤਾ ਗਿਆ ਸੀ। ਕਰੀਬ 09:45 ਵਜੇ ਜਦੋਂ ਸੀਆਰਪੀਐਫ ਦਾ ਕਾਫਲਾ ਅਵੰਤੀਪੋਰਾ ਬੱਸ ਸਟੈਂਡ ਤੋਂ ਲੰਘ ਰਿਹਾ ਸੀ ਤਾਂ ਭੀੜ ਵਿੱਚ ਛੁਪੇ ਅੱਤਵਾਦੀਆਂ ਨੇ ਉਨ੍ਹਾਂ ‘ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਸ਼ਹੀਦ ਸੀਟੀ ਦੀਪਕ ਸ਼ਰਮਾ, ਜੋ ਕਿ ਗਸ਼ਤੀ ਪਾਰਟੀ ਦੇ ਮੈਂਬਰ ਸਨ, ਅੱਤਵਾਦੀਆਂ ਨੂੰ ਗੋਲੀਬਾਰੀ ਕਰਦੇ ਦੇਖ ਕੇ ਉਨ੍ਹਾਂ ਵੱਲ ਭੱਜੇ ਕਿਉਂਕਿ ਵੱਡੀ ਭੀੜ ਹੋਣ ਕਾਰਨ ਉਹ ਗੋਲੀ ਨਹੀਂ ਚਲਾ ਸਕੇ। ਅੰਨ੍ਹੇਵਾਹ ਗੋਲੀਬਾਰੀ ਕਰਨ ਤੋਂ ਬਾਅਦ ਅੱਤਵਾਦੀਆਂ ਨੇ ਇਲਾਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਪਰ ਬਹਾਦਰ ਨੇ ਉਨ੍ਹਾਂ ਦਾ ਪਿੱਛਾ ਕੀਤਾ ਅਤੇ ਉਨ੍ਹਾਂ ‘ਤੇ ਗੋਲੀਆਂ ਚਲਾ ਦਿੱਤੀਆਂ। ਇੱਕ ਭਿਆਨਕ ਮੁਕਾਬਲਾ ਹੋਇਆ ਜਿਸ ਵਿੱਚ ਸ਼ਹੀਦ ਸੀਟੀ ਦੀਪਕ ਸ਼ਰਮਾ ਗੋਲੀ ਨਾਲ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਪਰ ਬਹਾਦਰ ਦਿਲ ਨੇ ਆਖਰੀ ਸਾਹ ਲੈਣ ਤੱਕ ਖਾੜਕੂਆਂ ਨਾਲ ਜੁਟਿਆ ਰਿਹਾ। ਵੱਡੇ ਪੱਧਰ ‘ਤੇ ਤਲਾਸ਼ੀ ਮੁਹਿੰਮ ਚਲਾਈ ਗਈ ਪਰ ਅੱਤਵਾਦੀ ਭੱਜਣ ‘ਚ ਕਾਮਯਾਬ ਹੋ ਗਏ।

ਸ਼ਹੀਦ ਦੀਪਕ ਸ਼ਰਮਾ ਦੀ ਸ਼ਹੀਦੀ ਦੀ ਖਬਰ ਉਨਾਂ ਦੇ ਪਰਿਵਾਰ ਨੂੰ ਦਿੱਤੀ ਗਈ ਤਾਂ ਪਰਿਵਾਰ ਤੋਂ ਆਪਣਾ ਆਪ ਸੰਭਾਲਿਆ ਨਹੀਂ ਜਾ ਰਿਹਾ ਸੀ। ਤੀਸਰੇ ਦਿਨ ਸ਼ਹੀਦ ਦੀਪਕ ਸ਼ਰਮਾ ਦਾ ਮ੍ਰਿਤਕ ਸਰੀਰ ਲੈ ਕੇ ਸੀਆਰਪੀਐਫ ਦੀਆਂ ਗੱਡੀਆਂ ਉਹਨਾਂ ਦੇ ਪਿੰਡ ਪਹੁੰਚ ਗਈਆਂ। ਸ਼ਹੀਦ ਦੀਪਕ ਸ਼ਰਮਾ ਨੂੰ ਦੇਖ ਕੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਦੇਖਿਆ ਨਹੀਂ ਜਾ ਰਿਹਾ ਸੀ। ਸਾਰੇ ਪਿੰਡ ਵਿੱਚ ਸੋਗ ਦੀ ਲਹਿਰ ਛਾ ਗਈ ਤੇ ਹਰ ਇੱਕ ਦੀਆ ਅੱਖਾਂ ਨਮ ਸੀ। ਸੀਆਰਪੀਐਫ ਦੀਆਂ ਗੱਡੀਆਂ ਸ਼ਹੀਦ ਦੀਪਕ ਸ਼ਰਮਾ ਦੇ ਦਰਸ਼ਨਾਂ ਤੋਂ ਬਾਅਦ ਮ੍ਰਿਤਕ ਸਰੀਰ ਨੂੰ ਲੈ ਕੇ ਸਿਵਿਆਂ ਵਿੱਚ ਪਹੁੰਚ ਗਈ। ਸੀਆਰਪੀਐਫ ਦੇ ਆਏ ਹੋਏ ਜਵਾਨ ਅਤੇ ਲੋਕਾਂ ਦਾ ਕਾਫਲਾ ਵੀ ਸ਼ਹੀਦ ਦੀਪਕ ਸ਼ਰਮਾ ਜਿੰਦਾਬਾਦ ਦੇ ਨਾਅਰੇ ਲਗਾਉਦਾ  ਹੋਇਆ ਸਿਵਿਆਂ ਵਿੱਚ ਪਹੁੰਚ ਗਿਆ। ਆਏ ਹੋਏ ਸੀਨੀਅਰ ਅਧਿਕਾਰੀਆਂ ਨੇ ਸ਼ਹੀਦ ਦੀਪਕ ਸ਼ਰਮਾ ਨੂੰ ਸ਼ਰਧਾਂਜਲੀ ਭੇਟ ਕੀਤੀ। ਸੀਆਰਪੀਐਫ ਦੀ ਪਰੰਪਰਾ ਅਨੁਸਾਰ ਜਵਾਨਾਂ ਨੇ ਫਾਇਰ ਕੀਤੇ ਅਤੇ ਸਲਿਊਟ ਦੇ ਕੇ ਸ਼ਹੀਦ ਦੀਪਕ ਸ਼ਰਮਾ ਨੂੰ ਸ਼ਰਧਾਂਜਲੀ ਦਿੱਤੀ। ਸ਼ਰਧਾਂਜਲੀ ਦੇਣ ਤੋਂ ਬਾਅਦ ਸ਼ਹੀਦ ਦੀਪਕ ਸ਼ਰਮਾ ਦੇ ਪਿਤਾ ਨੇ ਉਹਨਾਂ ਨੂੰ ਅਗਨੀ ਭੇਟ ਕਰ ਦਿੱਤਾ।

ਡੀਆਈਜੀ ਸੁਨੀਲ ਥੋਰਪੇ ਸਰ ਨੇ 2014 ਸ਼ਹੀਦ ਦੀਪਕ ਕੁਮਾਰ ਦੇ ਪਰਿਵਾਰ ਨੂੰ ਗਰੁੱਪ ਸੈਂਟਰ ਜਲੰਧਰ ਬੁਲਾਇਆ ਅਤੇ ਉੱਥੇ ਉਹਨਾਂ ਦਾ  ਮਾਨ ਸਨਮਾਨ ਕੀਤਾ ਗਿਆ। ਸੁਨੀਲ ਥੋਰਪੇ ਸਰ ਨੇ ਸੀਆਰਪੀਐਫ ਐਕਸਮੈਨ ਵੈਲਫੇਅਰ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਸੁਲਿੰਦਰ ਸਿੰਘ ਕੰਢੀ ਨਾਲ ਵੀ ਸ਼ਹੀਦ ਦੀਪਕ ਕੁਮਾਰ ਦੇ ਪਰਿਵਾਰ ਦੀ ਮੁਲਾਕਾਤ ਕਰਵਾਈ ਅਤੇ ਐਸੋਸੀਏਸ਼ਨ ਦੇ ਨਾਲ ਜੋੜਿਆ। ਸੀਆਰਪੀਐਫ ਐਸੋਸੀਏਸ਼ਨ ਇਹੋ ਜਿਹੇ ਸ਼ਹੀਦ ਹੋਏ ਜਵਾਨਾਂ ਦੀਆਂ ਯਾਦਾਂ ਨੂੰ ਤਾਜਾ ਕਰਦੀ ਹੈ ਅਤੇ ਇਹੋ ਜਿਹੇ ਜਵਾਨਾਂ ਨੂੰ ਸਲਾਮ ਕਰਦੀ ਹੈ, ਜਿਨਾਂ ਨੇ ਦੇਸ਼ ਦੀ ਖਾਤਰ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ। ਐਸੋਸੀਏਸ਼ਨ ਦੇ ਪ੍ਰਧਾਨ ਸੁਲਿੰਦਰ ਸਿੰਘ ਕੰਢੀ ਨੇ ਪੰਜਾਬ ਕੇਸਰੀ ਗਰੁੱਪ ਦੇ ਸਹਿਯੋਗ ਨਾਲ ਇਹਨਾਂ ਸ਼ਹੀਦਾਂ ਦੇ ਪਰਿਵਾਰਾਂ ਦਾ ਮਾਨ ਸਨਮਾਨ ਵੀ ਕੀਤਾ ਅਤੇ ਚੈੱਕ ਵੀ ਭੇਟ ਕਰਵਾਏ।

Leave a Comment

Your email address will not be published. Required fields are marked *

Scroll to Top