ਲੁਧਿਆਣਾ ਪੱਛਮੀ ਵਿੱਚ ਕਾਂਗਰਸ ਦਾ ਕੋਈ ਮੁਕਾਬਲਾ ਨਹੀਂ ਹੈ: ਵੜਿੰਗ

ਲੁਧਿਆਣਾ, 8 ਜੂਨ: ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਜ਼ੋਰ ਦਿੰਦਿਆਂ ਕਿਹਾ ਹੈ ਕਿ ਕਾਂਗਰਸ ਲੁਧਿਆਣਾ ਪੱਛਮੀ ਦੀ ਜਿਮਨੀ ਚੋਣ ਰਿਕਾਰਡ ਅੰਤਰ ਨਾਲ ਜਿੱਤੇਗੀ। ਉਨ੍ਹਾਂ ਕਿਹਾ ਕਿ ਇੱਥੇ ਕਾਂਗਰਸ ਦਾ ਅਮਲੀ ਤੌਰ ‘ਤੇ ਕੋਈ ਮੁਕਾਬਲਾ ਨਹੀਂ ਹੈ।

ਇੱਥੇ ਪੱਤਰਕਾਰਾਂ ਨਾਲ ਇੱਕ ਗੈਰ-ਰਸਮੀ ਗੱਲਬਾਤ ਦੌਰਾਨ, ਵੜਿੰਗ, ਜਿਹੜੇ ਸਥਾਨਕ ਸੰਸਦ ਮੈਂਬਰ ਹਨ, ਨੇ ਇਹ ਵੀ ਜ਼ੋਰ ਦਿੰਦਿਆਂ ਕਿਹਾ ਹੈ ਕਿ ਸੱਤਾਧਾਰੀ ਆਮ ਆਦਮੀ ਪਾਰਟੀ ਤੋਂ ਵੱਡੀ ਭੁੱਲ ਹੋਈ ਹੈ ਕਿ ਕਾਂਗਰਸ ਇਸਨੂੰ ਸੱਤਾ ਦੀ ਦੁਰਵਰਤੋਂ ਕਰਨ ਅਤੇ ਚੋਣਾਂ ਲਈ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰਨ ਦੀ ਇਜਾਜ਼ਤ ਦੇਵੇਗੀ।

ਉਨ੍ਹਾਂ ਕਿਹਾ ਕਿ ਸਭ ਤੋਂ ਪਹਿਲਾਂ ਅਸੀਂ ਸਰਕਾਰੀ ਮਸ਼ੀਨਰੀ ਦੀ ਕਿਸੇ ਵੀ ਤਰ੍ਹਾਂ ਨਾਲ ਦੁਰਵਰਤੋਂ ਨੂੰ ਨਹੀਂ ਹੋਣ ਦੇਵਾਂਗੇ ਅਤੇ ਦੂਜਾ, ਜੇਕਰ ਕੋਈ ਅਧਿਕਾਰੀ ‘ਆਪ’ ਦੀ ਮਦਦ ਕਰਨ ਲਈ ਆਪਣੇ ਅਹੁਦੇ ਦੀ ਦੁਰਵਰਤੋਂ ਕਰਦਾ ਪਾਇਆ ਜਾਂਦਾ ਹੈ, ਤਾਂ ਉਸਦਾ ਹਿਸਾਬ ਰੱਖਿਆ ਜਾਵੇਗਾ। ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਉਨ੍ਹਾਂ ਪਹਿਲਾਂ ਹੀ ਕਿਹਾ ਹੈ ਅਤੇ ਅੱਜ ਮੁੜ ਤੋਂ ਦੁਹਰਾ ਰਹੇ ਹਨ ਕਿ ਅਸੀਂ ਨਹੀਂ ਭੁੱਲਾਂਗੇ, ਅਸੀਂ ਮਾਫ਼ ਨਹੀਂ ਕਰਾਂਗੇ ਅਤੇ ਅਸੀਂ ਨਹੀਂ ਛੱਡਾਂਗੇ। ਕਾਂਗਰਸ ਦੀਆਂ ਪੰਜਾਬ ਵਿੱਚ 140 ਸਾਲਾਂ ਤੋਂ ਮਜ਼ਬੂਤ ਜੜ੍ਹਾਂ ਤੇ ਨੀਂਹਾਂ ਹਨ ਅਤੇ ਕੀ ਤੁਸੀਂ ਸੋਚਦੇ ਹੋ ਕਿ ਅਸੀਂ ਇੱਕ ਅਜਿਹੀ ਪਾਰਟੀ ਨੂੰ ਇਜਾਜ਼ਤ ਦੇਵਾਂਗੇ, ਜੋ ਸਾਨੂੰ ਡਰਾਉਣ ਲਈ ਹੁਣੇ ਹੀ ਪੈਦਾ ਹੋਈ ਹੈ?

ਸੂਬਾ ਕਾਂਗਰਸ ਪ੍ਰਧਾਨ ਨੇ ਇਸ ਭਰਮ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਜਿਮਨੀ ਚੋਣਾਂ ਆਮ ਤੌਰ ‘ਤੇ ਸੱਤਾਧਾਰੀ ਪਾਰਟੀ ਦੁਆਰਾ ਜਿੱਤੀਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਅਸੀਂ ਬਰਨਾਲਾ ਵਿੱਚ ਜਿੱਤੇ, ਜੋ ਕਿ ਆਮ ਆਦਮੀ ਪਾਰਟੀ ਦਾ ਗੜ੍ਹ ਮੰਨਿਆ ਜਾਂਦਾ ਹੈ ਅਤੇ ਅਸੀਂ ਲੁਧਿਆਣਾ ਪੱਛਮੀ ਵਿੱਚ ਵੀ ਜ਼ਰੂਰ ਜਿੱਤਾਂਗੇ, ਜੋ ਕਿ ਹਮੇਸ਼ਾ ਸਾਡਾ ਗੜ੍ਹ ਰਿਹਾ ਹੈ।

ਉਨ੍ਹਾਂ ਕਿਹਾ ਕਿ ਲੁਧਿਆਣਾ ਪੱਛਮੀ ਵਿੱਚ ਇੱਕ ਮਜ਼ਬੂਤ ਕਾਂਗਰਸੀ ਅਧਾਰ ਤੋਂ ਇਲਾਵਾ, ਹਰ ਮੋਰਚੇ ‘ਤੇ, ਖਾਸ ਕਰਕੇ ਕਾਨੂੰਨ ਵਿਵਸਥਾ ‘ਤੇ ਸਰਕਾਰ ਦੀ ਅਸਫਲਤਾ ਨੂੰ ਲੈ ਕੇ ਬਹੁਤ ਹੀ ਜ਼ਿਆਦਾ ਸੱਤਾ ਵਿਰੋਧੀ ਲਹਿਰ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕੋਈ ਵੀ ਸੁਰੱਖਿਅਤ ਮਹਿਸੂਸ ਨਹੀਂ ਕਰ ਰਿਹਾ ਹੈ, ਕਿਉਂਕਿ ਲੁੱਟ-ਖਸੁੱਟ ਅੱਜ ਦਾ ਆਮ ਵਰਤਾਰਾ ਬਣ ਗਿਆ ਹੈ। ਇਹ ਪੰਜਾਬੀਆਂ ਲਈ ਦੋਹਰੀ ਮਾਰ ਹੈ, ਕਿਉਂਕਿ ਇੱਕ ਪਾਸੇ ਇਹ ਅਪਰਾਧੀ ਹਨ, ਦੂਜੇ ਪਾਸੇ ਇਹ ‘ਆਪ’ ਸਰਕਾਰ ਹੈ, ਜਿਹੜੀ ਲੋਕਾਂ ਨੂੰ ਲੁੱਟ ਰਹੀ ਹੈ।

Leave a Comment

Your email address will not be published. Required fields are marked *

Scroll to Top