ਵੜਿੰਗ ਨੇ ਬੱਦੋਵਾਲ ਰੇਲਵੇ ਕ੍ਰਾਸਿੰਗ ਨੂੰ ਮੁੜ ਤੋਂ ਖੋਲ੍ਹਣ ਦੀ ਮੰਗ ਕੀਤੀ; ਮੰਤਰੀ ਨੂੰ ਲਿਖਿਆ ਪੱਤਰ

ਲੁਧਿਆਣਾ, 12 ਜੂਨ: ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਬੱਦੋਵਾਲ ਰੇਲਵੇ ਕਰਾਸਿੰਗ ਨੂੰ ਮੁੜ ਤੋਂ ਖੋਲ੍ਹਣ ਦੀ ਮੰਗ ਕੀਤੀ ਹੈ, ਜਿਸਨੂੰ ਕੁਝ ਸਮਾਂ ਪਹਿਲਾਂ ਰੇਲਵੇ ਨੇ ਕੁਝ ਅਣਜਾਣ ਕਾਰਨਾਂ ਕਰਕੇ ਬੰਦ ਕਰ ਦਿੱਤਾ ਗਿਆ ਸੀ।

ਇਸ ਲੜੀ ਹੇਠ, ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੂੰ ਲਿਖੇ ਇੱਕ ਪੱਤਰ ਵਿੱਚ ਵੜਿੰਗ ਨੇ ਕਿਹਾ ਹੈ ਕਿ ਰੇਲਵੇ ਵੱਲੋਂ ਕਾਫੀ ਲੰਬੇ ਸਮੇਂ ਤੋਂ ਬੰਦ ਰੱਖੀ ਗਈ ਇਸ ਕ੍ਰਾਸਿੰਗ ਕਾਰਨ ਰੇਲਵੇ ਲਾਈਨ ਦੇ ਦੋਵੇਂ ਪਾਸੇ ਰਹਿਣ ਵਾਲੇ ਲੋਕਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਉਨ੍ਹਾਂ ਪੱਤਰ ਵਿੱਚ ਲਿਖਿਆ ਹੈ ਕਿ ਪਿੰਡ ਦਾ ਸ਼ਮਸ਼ਾਨ ਘਾਟ ਅਤੇ ਇੱਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੇਲਵੇ ਲਾਈਨ ਦੇ ਦੂਜੇ ਪਾਸੇ ਸਥਿਤ ਹਨ। ਜਿਸ ਕਾਰਨ ਵਿਦਿਆਰਥੀਆਂ ਅਤੇ ਵਸਨੀਕਾਂ ਨੂੰ ਅਸੁਰੱਖਿਅਤ ਢੰਗ ਨਾਲ ਪਟੜੀ ਪਾਰ ਕਰਨ ਲਈ ਮਜਬੂਰ ਹੋਣਾ ਪੈਂਦਾ ਹੈ ਅਤੇ ਦੁਖਦਾਈ ਘਟਨਾਵਾਂ ਵਾਪਰ ਸਕਦੀਆਂ ਹਨ।

ਇਸ ਤੋਂ ਇਲਾਵਾ, ਵੜਿੰਗ ਨੇ ਲਿਖਿਆ ਹੈ ਕਿ ਪਿੰਡ ਦੀ ਟੈਲੀਫੋਨ ਐਕਸਚੇਂਜ ਅਤੇ ਮੁੱਖ ਬੱਸ ਅੱਡਾ ਵੀ ਰੇਲਵੇ ਲਾਈਨ ਦੇ ਦੂਜੇ ਪਾਸੇ ਸਥਿਤ ਹਨ, ਜਿਸ ਕਾਰਨ ਪਿੰਡ ਵਾਸੀਆਂ ਨੂੰ ਰੋਜ਼ਾਨਾ ਦਰਪੇਸ਼ ਮੁਸ਼ਕਲਾਂ ਹੋਰ ਵੱਧ ਜਾਂਦੀਆਂ ਹਨ।

ਲੁਧਿਆਣਾ ਤੋਂ ਸੰਸਦ ਮੈਂਬਰ ਨੇ ਕਿਹਾ ਕਿ ਪਿੰਡ ਬੱਦੋਵਾਲ ਦੀ ਪੰਚਾਇਤ ਨੇ ਸਰਬਸੰਮਤੀ ਨਾਲ ਮਤੇ ਰਾਹੀਂ ਰੇਲਵੇ ਅਧਿਕਾਰੀਆਂ ਨੂੰ ਜ਼ੋਰਦਾਰ ਅਪੀਲ ਕੀਤੀ ਹੈ ਕਿ ਉਹ ਜਨਤਾ ਦੀ ਸੁਰੱਖਿਆ ਅਤੇ ਸਹੂਲਤ ਨੂੰ ਯਕੀਨੀ ਬਣਾਉਣ ਲਈ ਰੇਲਵੇ ਕਰਾਸਿੰਗ ਨੂੰ ਪੱਕੇ ਤੌਰ ‘ਤੇ ਦੁਬਾਰਾ ਖੋਲ੍ਹਣ।

ਵੜਿੰਗ ਨੇ ਮੰਤਰੀ ਨੂੰ ਇਸ ਮਾਮਲੇ ਨੂੰ ਗੰਭੀਰਤਾ ਨਾਲ ਵਿਚਾਰਨ ਅਤੇ ਉਕਤ ਰੇਲਵੇ ਕ੍ਰਾਸਿੰਗ ਨੂੰ ਪੱਕੇ ਤੌਰ ‘ਤੇ ਜਲਦੀ ਤੋਂ ਜਲਦੀ ਖੋਲ੍ਹਣ ਹਿਤ ਢੁਕਵੀਂ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।

Leave a Comment

Your email address will not be published. Required fields are marked *

Scroll to Top