ਜਲੰਧਰ, 17 ਜੁਲਾਈ : ਭਾਰਤ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਤੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਡਾ. ਹਿਮਾਂਸ਼ੂ ਅਗਰਵਾਲ ਦੀਆਂ ਹਦਾਇਤਾਂ ’ਤੇ ਵਿਧਾਨ ਸਭਾ ਹਲਕਾ ਜਲੰਧਰ ਉੱਤਰੀ ਦੇ ਬੂਥ ਲੈਵਲ ਅਫ਼ਸਰਾਂ ਨੂੰ ਤਰੁੱਟੀ ਰਹਿਤ ਵੋਟਰ ਸੂਚੀਆਂ ਤਿਆਰ ਕਰਨ ਸਬੰਧੀ ਦਿੱਤੀ ਜਾ ਰਹੀ ਟ੍ਰੇਨਿੰਗ ਸਮਾਪਤ ਹੋ ਗਈ।
ਡੀ.ਏ.ਵੀ.ਇੰਸਟੀਟਿਊਟ ਆਫ਼ ਇੰਜਨੀਅਰਿੰਗ ਅਤੇ ਟੈਕਨੋਲੋਜੀ ਵਿਖੇ ਕਰਵਾਏ ਗਏ ਇਸ ਟ੍ਰੇਨਿੰਗ ਸੈਸ਼ਨ ਦੌਰਾਨ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ-036 ਜਲੰਧਰ ਉੱਤਰੀ-ਕਮ-ਵਧੀਕ ਮੁੱਖ ਪ੍ਰਸ਼ਾਸਕ, ਜੇ.ਡੀ.ਏ. ਜਲੰਧਰ ਦਰਬਾਰਾ ਸਿੰਘ ਰੰਧਾਵਾ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਜਾਰੀ ਪ੍ਰੋਗਰਾਮ ਅਨੁਸਾਰ ਹਲਕੇ ਨਾਲ ਸਬੰਧਤ ਸਮੂਹ ਬੀ.ਐਲ.ਓਜ਼ ਨੂੰ 4 ਬੈਚਾ ਵਿੱਚ ਵੰਡ ਕੇ ਸਿਖ਼ਲਾਈ ਪ੍ਰਦਾਨ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਟ੍ਰੇਨਿੰਗ ਦੌਰਾਨ ਬੀ.ਐਲ.ਓਜ਼ ਨੂੰ ਉਨ੍ਹਾਂ ਦੇ ਵੱਖ-ਵੱਖ ਕੰਮਾਂ ਅਤੇ ਜ਼ਿੰਮੇਵਾਰੀਆਂ ਬਾਰੇ ਵਿਸਥਾਰ ਨਾਲ ਜਾਣੂ ਕਰਵਾਇਆ ਗਿਆ ਅਤੇ ਬੀ.ਐਲ.ਓਜ਼ ਐਪ ’ਤੇ ਸਰਵੇ ਸਬੰਧੀ ਜਾਣਕਾਰੀ ਦਿੱਤੀ ਗਈ ਹੈ।
ਚੋਣ ਕਮਿਸ਼ਨ ਵੱਲੋਂ ਟ੍ਰੇਨਿੰਗ ਉਪਰੰਤ ਪ੍ਰਸ਼ਨ ਪੱਤਰ ਜਾਰੀ ਕੀਤੇ ਗਏ, ਜਿਨ੍ਹਾਂ ਦਾ ਜਵਾਬ ਬੀ.ਐਲ.ਓਜ਼ ਵੱਲੋਂ ਟ੍ਰੇਨਿੰਗ ਦੌਰਾਨ ਹੀ ਦਿੱਤਾ ਗਿਆ। ਅਖੀਰ ਵਿੱਚ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਵੱਲੋਂ ਬੀ.ਐਲ.ਓਜ਼ ਨੂੰ ਪਾਰਟੀਸਿਪੇਸ਼ਨ ਪੱਤਰ ਵੀ ਦਿੱਤੇ ਗਏ। ਇਸ ਮੌਕੇ ਡਿਪਟੀ ਰਜਿਸਟਰਾਰ ਕੋਆਪ੍ਰੇਟਿਵ ਸੁਸਾਇਟੀਜ਼ ਜਲੰਧਰ ਗੁਰਵਿੰਦਰਜੀਤ ਸਿੰਘ, ਚੋਣ ਸਟਾਫ਼, ਚੋਥੇ ਬੈਚ ਨਾਲ ਸਬੰਧਤ ਸੁਪਰਵਾਈਜ਼ਰ ਅਤੇ ਬੀ.ਐਲ.ੳਜ਼ ਵੀ ਮੌਜੂਦ ਸਨ।

















































