ਜਲੰਧਰ, 30 ਅਪ੍ਰੈਲ : ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫਤਰ ਜਲੰਧਰ ਦੇ ਸੈਨਿਕ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ, ਜਲੰਧਰ ਵਿਖੇ ਤਿੰਨ ਮਹੀਨੇ ਦਾ ਬੇਸਿਕ ਕੰਪਿਊਟਰ ਕੋਰਸ ਪਹਿਲੀ ਮਈ 2026 ਤੋਂ ਸ਼ੁਰੂ ਹੋਣ ਜਾ ਰਿਹਾ ਹੈ।
ਸੰਸਥਾ ਦੇ ਪ੍ਰਿੰਸੀਪਲ ਡਾ. ਪਰਮਿੰਦਰ ਕੌਰ ਸੈਣੀ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਕੋਰਸ ਲਈ ਘੱਟੋ-ਘੱਟ ਯੋਗਤਾ 10ਵੀਂ ਪਾਸ ਹੈ ਅਤੇ ਕੋਰਸ ਵਿੱਚ ਦਾਖ਼ਲਾ ਲੈਣ ਦੀ ਆਖਰੀ ਮਿਤੀ 10 ਮਈ 2026 ਹੈ। ਉਨ੍ਹਾਂ ਦੱਸਿਆ ਕਿ ਕੋਰਸ ਲਈ ਸੇਵਾ ਕਰ ਰਹੇ ਸੈਨਿਕਾਂ/ਸਾਬਕਾ ਸੈਨਿਕਾਂ ਦੇ ਬੱਚਿਆਂ ਨੂੰ ਤਰਜੀਹ ਦਿੱਤੀ ਜਾਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਕੋਰਸ ਵਿਚ ਸਾਬਕਾ ਸੈਨਿਕਾਂ ਅਤੇ ਸਮਾਜ ਦੇ ਕਮਜ਼ੋਰ ਵਰਗਾਂ ਦੇ ਬੱਚਿਆਂ ਤੋਂ ਨਾ-ਮਾਤਰ ਫੀਸ ਹੀ ਲਈ ਜਾਵੇਗੀ।
ਉਨ੍ਹਾਂ ਅੱਗੇ ਦੱਸਿਆ ਕਿ ਇਸ ਕੋਰਸ ਵਿਚ ਬਚਿਆਂ ਨੂੰ ਐਮ.ਐਸ. ਆਫਿਸ (ਐਮ.ਐਸ.-ਵਰਡ, ਐਮ.ਐਸ. ਐਕਸਲ, ਐਮ.ਐਸ. ਪਾਵਰ ਪੁਆਇੰਟ ), ਪ੍ਰਿੰਟਿੰਗ, ਸਕੈਨਿੰਗ, ਈ-ਮੇਲਿੰਗ ਆਦਿ ਤੋਂ ਇਲਾਵਾ ਪੰਜਾਬੀ ਅਤੇ ਇੰਗਲਿਸ਼ ਟਾਈਪਿੰਗ ਦੀ ਸਿਖ਼ਲਾਈ ਵੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸੰਸਥਾ ਵਿੱਚ ਵਿਦਿਆਰਥੀਆਂ ਲਈ ਪ੍ਰੈਕਟੀਕਲ ਕਲਾਸਾਂ ’ਤੇ ਵੀ ਖਾਸ ਧਿਆਨ ਦਿੱਤਾ ਜਾਂਦਾ ਹੈ ਅਤੇ ਕੋਰਸ ਖ਼ਤਮ ਹੋਣ ਤੋਂ ਬਾਅਦ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੀ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਇਨ੍ਹਾਂ ਕੋਰਸਾਂ ਸਬੰਧੀ ਵਧੇਰੇ ਜਾਣਕਾਰੀ ਕਿਸੇ ਵੀ ਕੰਮ-ਕਾਜ ਵਾਲੇ ਦਿਨਾਂ ਦੌਰਾਨ ਲਈ ਜਾ ਸਕਦੀ ਹੈ ਜਾਂ ਫੋਨ ਨੰਬਰ 0181-2452290, 89682-73057, 84279-68374, 77173-21740 ’ਤੇ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਸੰਪਰਕ ਕੀਤਾ ਜਾ ਸਕਦਾ ਹੈ।

















































