ਜਲੰਧਰ(ਬਿਊਰੋ ਰਿਪੋਰਟ)- ਸੀਆਰਪੀਐਫ ਐਕਸਮੈਨ ਵੈਲਫੇਅਰ ਐਸੋਸੀਏਸ਼ਨ ਪੰਜਾਬ ਦੇ ਪੰਜਾਬ ਪ੍ਰਧਾਨ ਸੁਲਿੰਦਰ ਸਿੰਘ ਕੰਢੀ ਨੇ ਸ਼ੰਭੂ-ਖਨੌਰੀ ਬਾਰਡਰ ’ਤੇ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਲਈ ਸੈਨਿਕਾਂ ਦੇ ਪਰਿਵਾਰਾਂ ਬਰਾਬਰ ਮੁਆਵਜ਼ੇ ਦੀ ਮੰਗ ਕਰਦਿਆਂ ਕਿਹਾ ਕਿ ‘ਜੈ ਜਵਾਨ ਤੇ ਜੈ ਕਿਸਾਨ’ ਦੇ ਨਾਅਰੇ ਮੁਤਾਬਕ ਅਜਿਹਾ ਹੋਣਾ ਚਾਹੀਦਾ ਹੈ। ਉਨ੍ਹਾਂ ਇਹ ਮੰਗ ਵੀ ਕੀਤੀ ਹੈ ਕਿ ਪੰਜਾਬ ਦੀ ਧਰਤੀ ‘ਤੇ ਹਰਿਆਣਾ ਪੁਲਸ ਵੱਲੋਂ ਕਿਸਾਨਾਂ ‘ਤੇ ਕੀਤੇ ਗਏ ਹਮਲੇ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਵੇ ਹੈ।
ਐਸੋਸੀਏਸ਼ਨ ਦੇ ਪ੍ਰਧਾਨ ਦਾ ਕਹਿਣਾ ਹੈ ਕਿ ਜਦੋਂ ਅਸੀਂ ਦੇਸ਼ ਦੇ ਜਵਾਨਾਂ ਤੇ ਕਿਸਾਨਾਂ ਨੂੰ ਬਰਾਬਰ ਮੰਨਦੇ ਹਾਂ ਤਾਂ ਫਿਰ ਸਾਨੂੰ ਦੋਵਾਂ ਦੇ ਪਰਿਵਾਰਾਂ ਨੂੰ ਬਰਾਬਰ ਮੁਆਵਜ਼ਾ ਦੇਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਵਿਚ ਵੱਡੀ ਗਿਣਤੀ ਵਿਚ ਕਿਸਾਨਾਂ ਨੇ ਆਪਣੀ ਅੱਖਾਂ ਦੀ ਰੌਸ਼ਨੀ ਗੁਆ ਲਈ ਹੈ ਤੇ ਉਨ੍ਹਾਂ ਦੇ ਸਰੀਰ ’ਤੇ ਗੰਭੀਰ ਜ਼ਖ਼ਮ ਹਨ ਜੋ ਹਰਿਆਣਾ ਪੁਲਸ ਦੀ ਫਾਇਰਿੰਗ ਦਾ ਨਤੀਜਾ ਹਨ।
ਹੁਣ ਤਕ ਇਸ ਅੰਦੋਲਨ ਵਿਚ 3 ਕਿਸਾਨ ਆਪਣੀ ਜਾਨ ਗੁਆ ਚੁੱਕੇ ਹਨ। ਗੁਰਦਾਸਪੁਰ ਦੇ ਰਹਿਣ ਵਾਲੇ ਗਿਆਨ ਸਿੰਘ ਦੀ ਸ਼ੰਭੂ ਬਾਰਡਰ ‘ਤੇ ਮੌਤ ਹੋ ਗਈ ਸੀ। ਉਸ ਤੋਂ ਬਾਅਦ ਪਟਿਆਲਾ ਦੇ ਰਹਿਣ ਵਾਲੇ ਮਨਜੀਤ ਸਿੰਘ ਦੀ ਖਨੌਰੀ ਬਾਰਡਰ ‘ਤੇ ਧਰਨੇ ਦੌਰਾਨ ਸਿਹਤ ਵਿਗੜਨ ਮਗਰੋਂ ਮੌਤ ਹੋ ਗਈ ਸੀ। ਅੱਜ ਮੋਤੀ ਮਹਿਲ ਦੇ ਬਾਹਰ ਧਰਨੇ ਦੌਰਾਨ ਨਰਿੰਦਰ ਪਾਲ ਸਿੰਘ ਦੀ ਵੀ ਮੌਤ ਹੋ ਗਈ।
ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਇਹ ਯਕੀਨੀ ਬਣਾਉਣ ਕਿ ਪੰਜਾਬ ਦੇ ਕਿਸਾਨਾਂ ਨੂੰ ਗੰਭੀਰ ਜ਼ਖ਼ਮੀ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਹੋਵੇ ਅਤੇ ਕਿਸਾਨਾਂ ਦੇ ਪਰਿਵਾਰਾਂ ਨੂੰ ਵੀ ਢੁਕਵਾਂ ਮੁਆਵਜ਼ਾ ਮਿਲੇ, ਜਿਨ੍ਹਾਂ ਨੇ ਇਸ ਅੰਦੋਲਨ ਵਿਚ ਆਪਣੀਆਂ ਜਾਨਾਂ ਗੁਆ ਦਿੱਤੀਆਂ ਹਨ।

















































