ਨਵੀਂ ਦਿੱਲੀ – 85 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਨੂੰ ਸਰਕਾਰ ਨੇ ਸ਼ੁੱਕਰਵਾਰ ਨੂੰ ਪੋਸਟਲ ਬੈਲਟ ਰਾਹੀਂ ਵੋਟ ਪਾਉਣ ਦੀ ਇਜਾਜ਼ਤ ਦੇਣ ਲਈ ਚੋਣ ਨਿਯਮਾਂ ’ਚ ਸੋਧ ਕੀਤੀ ਹੈ। 80 ਸਾਲ ਤੋਂ ਵੱਧ ਉਮਰ ਦੇ ਬਜ਼ੁਰਗ ਹੁਣ ਤਕ ਇਸ ਸਹੂਲਤ ਲਈ ਯੋਗ ਸਨ। ਇਹ ਸੋਧ ਲੋਕ ਸਭਾ ਤੇ ਚਾਰ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੇ ਪ੍ਰੋਗਰਾਮ ਦੇ ਐਲਾਨ ਤੋਂ ਕੁਝ ਦਿਨ ਪਹਿਲਾਂ ਕੀਤੀ ਗਈ ਹੈ।
ਜਾਰੀ ਕੀਤੀ ਗਈ ਤਾਜ਼ਾ ਵੋਟਰ ਸੂਚੀ ਅਨੁਸਾਰ ਚੋਣ ਕਮਿਸ਼ਨ ਵਲੋਂ ਦੇਸ਼ ’ਚ 1.85 ਕਰੋੜ ਵੋਟਰਾਂ ਦੀ ਉਮਰ 80 ਸਾਲ ਤੋਂ ਉੱਪਰ ਹੈ, ਜਿਨ੍ਹਾਂ ’ਚੋਂ ‘ਸ਼ਤਾਬਦੀ’ (100 ਸਾਲ ਜਾਂ ਇਸ ਤੋਂ ਵੱਧ ਉਮਰ ਦੇ) ਦੀ ਗਿਣਤੀ 2.38 ਲੱਖ ਹੈ। ਸ਼ੁੱਕਰਵਾਰ ਨੂੰ ਕਾਨੂੰਨ ਮੰਤਰਾਲੇ ਵਲੋਂ ਗਜ਼ਟ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ, ਜਿਸ ਵਿੱਚ 85 ਸਾਲ ਤੋਂ ਵੱਧ ਉਮਰ ਦੇ ਵੋਟਰਾਂ ਨੂੰ ਪੋਸਟਲ ਬੈਲਟ ਦੀ ਸਹੂਲਤ ਪ੍ਰਦਾਨ ਕਰਨ ਲਈ ਚੋਣ ਸੰਚਾਲਨ ਨਿਯਮ 1961 ’ਚ ਸੋਧ ਕੀਤੀ ਗਈ ਹੈ।

















































