ਡੇਰਾਬੱਸੀ:- ਡੇਰਾਬੱਸੀ ਅੰਬਾਲਾ ਚੰਡੀਗੜ੍ਹ ਹਾਈਵੇ ਤੇ ਪੈਂਦੇ ਪਿੰਡ ਭਾਂਖਰਪੁਰ ਦੀਆਂ ਟਰੈਫਿਕ ਲਾਈਟਾਂ ‘ਤੇ ਸਕੂਟਰ ਸਵਾਰ ਪਤੀ-ਪਤਨੀ ਨੂੰ ਚੰਡੀਗੜ੍ਹ ਤੋਂ ਆ ਰਹੇ। ਇਕ ਟਰੱਕ ਨੇ ਟੱਕਰ ਮਾਰ ਦਿੱਤੀ। ਇਸ ਦੌਰਾਨ ਪਿੱਛੇ ਬੈਠੀ ਪਤਨੀ ਟਰੱਕ ਦੇ ਅਗਲੇ ਟਾਇਰ ਹੇਠਾਂ ਕੁਚਲੀ ਗਈ, ਜਦਕਿ ਉਸ ਦਾ ਪਤੀ ਇਸ ਹਾਦਸੇ ‘ਚ ਵਾਲ-ਵਾਲ ਬਚ ਗਿਆ।
ਹਾਦਸੇ ਮਗਰੋਂ ਔਰਤ ਨੂੰ ਡੇਰਾਬੱਸੀ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਨੇ ਡਰਾਈਵਰ ਨੂੰ ਹਿਰਾਸਤ ‘ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਤ੍ਰਿਵੇਦੀ ਕੈਂਪ ਨੇੜੇ ਕਲੋਨੀ ਵਿੱਚ ਰਹਿਣ ਵਾਲਾ ਪ੍ਰਤਾਪ ਸਿੰਘ ਆਪਣੀ 52 ਸਾਲਾ ਪਤਨੀ ਹਿਨਾ ਨਾਲ ਸਕੂਟਰ ’ਤੇ ਡੇਰਾਬੱਸੀ ਵਿਖੇ ਸਬਜ਼ੀ ਖਰੀਦਣ ਗਿਆ ਸੀ। ਸਬਜ਼ੀ ਲੈ ਕੇ ਵਾਪਸ ਆਉਂਦੇ ਸਮੇਂ ਭਾਂਖਰਪੁਰ ਦੇ ਟੀ-ਪੁਆਇੰਟ ‘ਤੇ ਚੰਡੀਗੜ੍ਹ ਵੱਲੋਂ ਆ ਰਹੇ ਟਰੱਕ ਨੇ ਉਸ ਨੂੰ ਟੱਕਰ ਮਾਰ ਦਿੱਤੀ। ਸਕੂਟਰ ਨੂੰ ਟਰੱਕ ਨੇ ਕਾਫੀ ਦੂਰ ਤੱਕ ਘਸੀਟਿਆ, ਜਿਸ ਵਿੱਚ ਉਸਦੀ ਪਤਨੀ ਹਿਨਾ ਟਰੱਕ ਦੇ ਅਗਲੇ ਟਾਇਰ ਹੇਠਾਂ ਕੁਚਲੀ ਗਈ, ਮ੍ਰਿਤਕ ਔਰਤ ਆਪਣੇ ਪਿੱਛੇ ਪਤੀ ਤੋਂ ਇਲਾਵਾ ਦੋ ਧੀਆਂ ਅਤੇ ਇੱਕ ਪੁੱਤਰ ਛੱਡ ਗਈ ਹੈ।
ਰਾਹਗੀਰਾਂ ਦੀ ਮਦਦ ਨਾਲ ਹਿਨਾ ਨੂੰ ਡੇਰਾਬੱਸੀ ਸਿਵਲ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਹਾਦਸੇ ਤੋਂ ਬਾਅਦ ਟਰੱਕ ਸਮੇਤ ਡਰਾਈਵਰ ਨੂੰ ਕਾਬੂ ਕਰ ਲਿਆ ਗਿਆ ਹੈ। ਮੁਬਾਰਕਪੁਰ ਪੁਲਸ ਨੇ ਟਰੱਕ ਚਾਲਕ ਖਿਲਾਫ ਮਾਮਲਾ ਦਰਜ ਕਰਕੇ ਲਾਸ਼ ਨੂੰ ਡੇਰਾਬੱਸੀ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾ ਦਿੱਤਾ ਹੈ। ਹਾਦਸੇ ਤੋਂ ਬਾਅਦ ਹਾਈਵੇਅ ‘ਤੇ ਕਾਫੀ ਦੇਰ ਤੱਕ ਆਵਾਜਾਈ ਠੱਪ ਰਹੀ।

















































