ਜ਼ਿਲ੍ਹਾ ਪ੍ਰਸ਼ਾਸਨ ਵਲੋਂ ਬਰਸਾਤੀ ਪਾਣੀ ਦੀ ਤੁਰੰਤ ਤੇ ਸੁਚੱਜੀ ਨਿਕਾਸੀ ਨੂੰ ਯਕੀਨੀ ਬਣਾਇਆ ਗਿਆ- ਡਾ.ਹਿਮਾਂਸ਼ੂ ਅਗਰਵਾਲ

ਜਲੰਧਰ – ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵਲੋਂ ਅੱਜ ਮਾਨਸੂਨ ਦੌਰਾਨ ਭਾਰੀ ਬਰਸਾਤ ਦੇ ਮੱਦੇਨਜ਼ਰ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ਦਾ ਨਿਰੀਖਣ ਕੀਤਾ ਗਿਆ। ਇਸ ਨਿਰੀਖਣ ਦਾ ਮੰਤਵ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਅਸਰਦਾਰ ਢੰਗ ਨਾਲ ਪਾਣੀ ਇਕੱਠਿਆਂ ਹੋਣ ਨੂੰ ਰੋਕਣ ਲਈ ਕੀਤੀਆਂ ਗਈਆਂ ਤਿਆਰੀਆਂ ਦਾ ਜਾਇਜ਼ਾ ਲੈਣਾ ਸੀ।
ਡਾ.ਅਗਰਵਾਲ ਤੇ ਨਗਰ ਨਿਗਮ ਦੇ ਕਮਿਸ਼ਨਰ ਗੌਤਮ ਜੈਨ ਵਲੋਂ ਵੱਖ-ਵੱਖ ਥਾਵਾਂ ਜਿਵੇਂ ਨਕੋਦਰ ਰੋਡ, ਕਪੂਰਥਲਾ ਰੋਡ, ਐਚ.ਐਮ.ਵੀ. ਕਾਲਜ ਰੋਡ, ਭਗਵਾਨ ਮਹਾਂਵੀਰ ਮਾਰਗ ਅਤੇ ਹੋਰਨਾਂ ਥਾਵਾਂ ਦਾ ਦੌਰਾ ਕੀਤਾ ਗਿਆ। ਉਨ੍ਹਾਂ ਮੌਕੇ ’ਤੇ ਹੀ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਕਿ ਲੋੜੀਂਦੀ ਮਨੁੱਖੀ ਸ਼ਕਤੀ ਅਤੇ ਮਸ਼ੀਨਰੀ ਨੂੰ ਨਾਜ਼ੁਕ ਥਾਵਾਂ ’ਤੇ ਲਗਾਇਆ ਜਾਵੇ ਤਾਂ ਜੋ ਲੋਕਾਂ ਨੂੰ ਪਾਣੀ ਇਕੱਠਿਆਂ ਹੋਣ ਨਾਲ ਕਿਸੇ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।

ਡਿਪਟੀ ਕਮਿਸ਼ਨਰ ਵਲੋਂ ਜ਼ੋਰ ਦਿੱਤਾ ਗਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਜਲੰਧਰ ਵਲੋਂ ਬਰਸਾਤੀ ਪਾਣੀ ਜਮ੍ਹਾਂ ਹੋਣ ਦੀ ਸਮੱਸਿਆ ਨਾਲ ਪ੍ਰਭਾਵੀ ਢੰਗ ਨਾਲ ਨਜਿੱਠਣ ਲਈ ਸਾਰੇ ਸ਼ਹਿਰ ਵਿੱਚ ਡਿਸਪੋਜ਼ਲ ਪੰਪਾਂ ਨੂੰ ਤਿਆਰ-ਬਰ-ਤਿਆਰ ਰੱਖਿਆ ਗਿਆ ਹੈ।

ਉਨ੍ਹਾਂ ਵਲੋਂ ਬਰਸਾਤਾਂ ਦੌਰਾਨ ਪਾਣੀ ਨੂੰ ਤੇਜ਼ੀ ਨਾਲ ਬਾਹਰ ਕੱਢਣ ਲਈ ਪੰਪ ਸਹੀ ਢੰਗ ਨਾਲ ਕੰਮ ਕਰ ਰਹੇ ਹਨ ਨੂੰ ਯਕੀਨੀ ਬਣਾਉਣ ਲਈ ਵੱਖ-ਵੱਖ ਪੰਪਿੰਗ ਸਟੇਸ਼ਨਾਂ ਦਾ ਜਾਇਜ਼ਾ ਵੀ ਲਿਆ ਗਿਆ। ਉਨ੍ਹਾਂ ਇਹ ਵੀ ਕਿਹਾ ਕਿ ਸਥਿਤੀ ਅਨੁਸਾਰ ਬਰਸਾਤੀ ਪਾਣੀ ਦੀ ਸੁਚੱਜੇ ਢੰਗ ਨਾਲ ਨਿਕਾਸੀ ਲਈ ਵਾਧੂ ਪੰਪ ਸੈਟਾਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ।
ਡਾ.ਅਗਰਵਾਲ ਨੇ ਸ਼ਹਿਰ ਵਾਸੀਆਂ ਨੂੰ ਭਰੋਸਾ ਦੁਆਇਆ ਕਿ ਅਵਾਜਾਈ ਨੂੰ ਨਿਰਵਿਘਨ ਜਾਰੀ ਰੱਖਣ ਅਤੇ ਭਾਰੀ ਬਰਸਾਤ ਦੌਰਾਨ ਪੈਦਾ ਹੋਣ ਵਾਲੀਆਂ ਦਿੱਕਤਾਂ ਦੇ ਮੱਦੇਨਜ਼ਰ ਸੁਚਾਰੂ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਮਾਨਸੂਨ ਸੀਜ਼ਨ ਦੌਰਾਨ ਸ਼ਹਿਰ ਵਿੱਚ ਪਾਣੀ ਇਕੱਠਿਆਂ ਨਾ ਹੋਣ ਦੇਣ ਵਿੱਚ ਕੋਈ ਕਸਰ ਬਾਕੀ ਨਾ ਛੱਡਣ ਲਈ ਜ਼ਿਲ੍ਹਾ ਪ੍ਰਸ਼ਾਸਨ ਦੀ ਵਚਨਬੱਧਤਾ ਨੂੰ ਦੁਹਰਾਇਆ ਤਾਂ ਕਿ ਪਾਣੀ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਿਆ ਜਾ ਸਕੇ।
ਇਸੇ ਤਰ੍ਹਾਂ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਜਸਬੀਰ ਸਿੰਘ ਵਲੋਂ ਵੀ ਨਗਰ ਕੌਂਸਲ ਭੋਗਪੁਰ, ਆਦਮਪੁਰ, ਨੂਰਮਹਿਲ, ਕਰਤਾਰਪੁਰ ਆਦਿ ਵਿਖੇ ਬਰਸਾਤੀ ਪਾਣੀ ਨੂੰ ਬਾਹਰ ਕੱਢਣ ਲਈ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ।

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top