ਮੇਰਠ:-ਉੱਤਰ ਪ੍ਰਦੇਸ਼ ਪੁਲੀਸ ਦੀ ਟਾਸਕ ਫੋਰਸ (ਐੱਸਟੀਐੱਫ) ਨੇ ਹਾਲ ’ਚ ਹੋਈ ਪੁਲੀਸ ਭਰਤੀ ਪ੍ਰੀਖਿਆ ਦਾ ਪੇਪਰ ਲੀਕ ਕਰਨ ਦੇ ਮਾਮਲੇ ‘ਚ ਕਥਿਤ ਸ਼ਮੂਲੀਅਤ ਦੇ ਦੋਸ਼ ਹੇਠ ਮੇਰਠ ਅਤੇ ਦਿੱਲੀ ਤੋਂ ਸੱਤ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਐਸਟੀਐਫ ਨੇ ਕਿਹਾ ਕਿ ਮੁਲਜ਼ਮਾਂ ’ਤੇ 17 ਅਤੇ 18 ਫਰਵਰੀ ਨੂੰ ਉੱਤਰ ਪ੍ਰਦੇਸ਼ ਭਰਤੀ ਅਤੇ ਪ੍ਰਮੋਸ਼ਨ ਬੋਰਡ ਪ੍ਰੀਖਿਆ ਦੇ ਪ੍ਰਸ਼ਨ ਪੱਤਰ ਲੀਕ ਕਰਨ ਦੇ ਮਾਮਲੇ ਵਿੱਚ ਸ਼ਾਮਲ ਗਰੋਹ ਦੇ ਮੈਂਬਰ ਹੋਣ ਦਾ ਦੋਸ਼ ਹੈ। ਪੇਪਰ ਲੀਕ ਹੋਣ ਮਗਰੋਂ ਸੂਬਾ ਸਰਕਾਰ ਨੇ ਪ੍ਰੀਖਿਆ ਰੱਦ ਕਰ ਦਿੱਤੀ ਸੀ ।ਅਤੇ ਇਸ ਮਹੀਨੇ ਦੇ ਸ਼ੁਰੂ ਵਿਚ ਕੁਝ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਮੇਰਠ ਦੇ ਕਾਂਕੇਰ ਖੇੜਾ ਥਾਣਾ ਖੇਤਰ ਦੇ ਇਕ ਘਰ ’ਚੋਂ ਮੰਗਲਵਾਰ ਰਾਤ ਨੂੰ ਦੀਪਕ, ਬਿੱਟੂ, ਪ੍ਰਵੀਨ, ਰੋਹਿਤ, ਨਵੀਨ ਤੇ ਸਾਹਿਲ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਦੋਂ ਕਿ ਇਸੇ ਰਾਤ ਦਿੱਲੀ ਦੇ ਮੁਖਰਜੀ ਨਗਰ ਦੇ ਗੌਤਮ ਬੁੱਧ ਨਗਰ ਦੇ ਵਾਸੀ ਪ੍ਰਮੋਦ ਪਾਠਕ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਐੱਸਟੀਐਫ਼ ਨੇ ਬਿਆਨ ਵਿੱਚ ਕਿਹਾ ਕਿ ਇਹ ਗਰੋਹ ਕਥਿਤ ਤੌਰ ‘ਤੇ ਪੇਪਰ ਹੱਲ ਕਰਨ ਵਾਲਿਆਂ ਦਾ ਪ੍ਰਬੰਧ ਕਰਨ ਵਿੱਚ ਵੀ ਸ਼ਾਮਲ ਹੈ। ਪੁਲੀਸ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ ਭਰਤੀ ਪ੍ਰੀਖਿਆ ਨਾਲ ਸਬੰਧਤ ਕਈ ਦਸਤਾਵੇਜ਼, ਹੱਲ ਕੀਤੇ ਪ੍ਰਸ਼ਨ ਪੱਤਰ, ਕਈ ਮੋਬਾਈਲ ਫੋਨ ਅਤੇ ਨਕਦੀ ਜ਼ਬਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੇ ਪ੍ਰਸ਼ਨ ਪੱਤਰ ਲੀਕ ਕਰਨ ਦੇ ਵਾਅਦੇ ਕਰਕੇ ਉਮੀਦਵਾਰਾਂ ਤੋਂ ਕਥਿਤ ਤੌਰ ’ਤੇ 8 ਲੱਖ ਤੋਂ 10 ਲੱਖ ਰੁਪਏ ਤੱਕ ਲਏ ਸਨ। ਸਪੈਸ਼ਲ ਟਾਸਕ ਫੋਰਸ ਨੇ ਮੁਲਜ਼ਮਾਂ ਵਿਰੁੱਧ ਭਾਰਤੀ ਦੰਡਾਵਲੀ ਦੀਆਂ ਧਾਰਾਵਾਂ 419, 420, 467, 468, 471 ਤਹਿਤ ਦੋ ਪਰਚੇ ਦਰਜ ਕੀਤੇ ਗਏ ਹਨ।

















































