ਜਲੰਧਰ, 13 ਅਗਸਤ : ਆਜ਼ਾਦੀ ਦਿਹਾੜੇ ਮੌਕੇ 15 ਅਗਸਤ ਨੂੰ ਕਰਵਾਏ ਜਾਣ ਵਾਲੇ ਸੂਬਾ ਪੱਧਰੀ ਸਮਾਗਮ ਦੀ ਅੱਜ ਇਥੇ ਸਥਾਨਕ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ ਫੁੱਲ ਡਰੈੱਸ ਰਿਹਰਸਲ ਕੀਤੀ ਗਈ।
ਰਿਹਰਸਲ ਦੌਰਾਨ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਪਰੇਡ ਕਮਾਂਡਰ ਆਈ.ਪੀ.ਐਸ. ਅਫ਼ਸਰ ਵੈਭਵ ਚੌਧਰੀ ਦੀ ਅਗਵਾਈ ਵਾਲੇ ਮਾਰਚ ਪਾਸਟ ਤੋਂ ਸਲਾਮੀ ਲਈ।
ਪਰੇਡ ਵਿੱਚ ਆਰ.ਏ.ਐਫ. ਸੀ.ਆਰ.ਪੀ.ਐਫ., ਆਈ.ਟੀ.ਬੀ.ਪੀ., ਜਲੰਧਰ ਪੁਲਿਸ ਕਮਿਸ਼ਨਰੇਟ, ਆਰ.ਟੀ.ਸੀ. ਪੀ.ਏ.ਪੀ., ਆਈ.ਆਰ.ਬੀ.ਐਨ., ਪੰਜਾਬ ਹੋਮ ਗਾਰਡ, ਐਨ.ਸੀ.ਸੀ. (ਲੜਕੇ ਅਤੇ ਲੜਕੀਆਂ), ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨਹਿਰੂ ਗਾਰਡਨ, ਲਾਇਲਪੁਰ ਖਾਲਸਾ ਸੀਨੀਅਰ ਸੈਕੰਡਰੀ ਸਕੂਲ (ਲੜਕੇ), ਡੀ.ਐਸ.ਐਸ.ਡੀ. ਸਕੂਲ, ਲਾਇਲਪੁਰ ਖਾਲਸਾ ਕੰਨਿਆ ਹਾਈ ਸਕੂਲ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਆਦਰਸ਼ ਨਗਰ ਦੀਆਂ ਟੁੱਕੜੀਆਂ ਅਤੇ ਪੀ.ਏ.ਪੀ. ਜਲੰਧਰ ਦਾ ਬਰਾਸ ਬੈਂਡ ਸ਼ਾਮਲ ਸੀ।
ਇਸ ਤੋਂ ਬਾਅਦ ਵੱਖ-ਵੱਖ ਵਿਭਾਗਾਂ ਵੱਲੋਂ ਵਿਕਾਸ ਤੇ ਲੋਕ ਭਲਾਈ ਸਕੀਮਾਂ ਨੂੰ ਦਰਸਾਉਂਦੀਆਂ ਝਾਕੀਆਂ ਪੇਸ਼ ਕੀਤੀਆਂ ਗਈਆਂ। ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਪੀ.ਟੀ. ਸ਼ੋਅ ਤੋਂ ਬਾਅਦ ਐਚ.ਐਮ.ਵੀ. ਕਾਲਜ ਜਲੰਧਰ, ਰੈੱਡ ਕਰਾਸ ਸਕੂਲ ਫਾਰ ਡੈੱਫ ਐਂਡ ਡੰਬ, ਸੇਂਟ ਸੋਲਜਰ ਡਿਵਾਈਨ ਪਬਲਿਕ ਸਕੂਲ, ਐਸ.ਡੀ. ਫੁੱਲਰਵਾਨ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਅਤੇ ਪੁਲਿਸ ਡੀ.ਏ.ਵੀ. ਪਬਲਿਕ ਸਕੂਲ ਦੇ ਵਿਦਿਆਰਥੀਆਂ ਵੱਲੋਂ ਦੇਸ਼ ਭਗਤੀ ਦੀ ਭਾਵਨਾ ਨਾਲ ਭਰਪੂਰ ਵੱਖ-ਵੱਖ ਸੱਭਿਆਚਾਰਕ ਵੰਨਗੀਆਂ ਪੇਸ਼ ਕੀਤੀਆਂ ਗਈਆਂ।
ਇਸ ਤੋਂ ਇਲਾਵਾ ਗੱਤਕਾ, ਟੈਂਟ ਪੈਗਿੰਗ ਅਤੇ ਪੀ.ਏ.ਪੀ. ਦੇ ਬੈਂਡ ਵੱਲੋਂ ਵੀ ਰਿਹਰਸਲ ਦੌਰਾਨ ਸ਼ਾਨਦਾਰ ਪੇਸ਼ਕਾਰੀ ਦਿੱਤੀ ਗਈ।ਰਿਹਰਸਲ ਦਾ ਜਾਇਜ਼ਾ ਲੈਣ ਉਪਰੰਤ ਡਿਪਟੀ ਕਮਿਸ਼ਨਰ ਨੇ ਜ਼ਰੂਰੀ ਹਦਾਇਤਾਂ ਵੀ ਦਿੱਤੀਆਂ।
ਡਾ. ਅਗਰਵਾਲ ਨੇ ਦੱਸਿਆ ਕਿ 15 ਅਗਸਤ ਦੇ ਸੂਬਾ ਪੱਧਰੀ ਸਮਾਗਮ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਮਾਨ ਵੱਲੋਂ ਕੌਮੀ ਝੰਡਾ ਲਹਿਰਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਆਜ਼ਾਦੀ ਦਿਹਾੜੇ ਸਮਾਗਮ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਪੁਖ਼ਤਾ ਪ੍ਰਬੰਧ ਯਕੀਨੀ ਬਣਾਏ ਗਏ ਹਨ।
ਉਨ੍ਹਾਂ ਕਿਹਾ ਕਿ ਇਸ ਪਵਿੱਤਰ ਦਿਹਾੜੇ ਨੂੰ ਦੇਸ਼ ਭਗਤੀ ਭਾਵਨਾ ਅਤੇ ਉਤਸ਼ਾਹ ਨਾਲ ਮਨਾਉਣ ਲਈ ਹਰ ਸੰਭਵ ਯਤਨ ਕੀਤੇ ਜਾਣਗੇ।
ਕੈਪਸ਼ਨਾਂ : ਫੁੱਲ ਡਰੈੱਸ ਰਿਹਰਸਲ ਦੌਰਾਨ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਮਾਰਚ ਪਾਸਟ ਤੋਂ ਸਲਾਮੀ ਲੈਂਦੇ ਹੋਏ।
ਫੁੱਲ ਡਰੈੱਸ ਰਿਹਰਸਲ ਦੌਰਾਨ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਦੀਆਂ ਵਿਦਿਆਰਥਣਾਂ।
ਸੂਬਾ ਪੱਧਰੀ ਆਜ਼ਾਦੀ ਦਿਹਾੜੇ ਸਮਾਗਮ ਦੀ ਫੁੱਲ ਡਰੈੱਸ ਰਿਹਰਸਲ ਦੀਆਂ ਝਲਕੀਆਂ।