ਐਸ.ਡੀ. ਕਾਲਜ ਫਾਰ ਵੂਮੈਨ ਜਲੰਧਰ ਦੇ ਗੋਲਡਨ ਜੁਬਲੀ ਸਮਾਰੋਹ ’ਚ ਕੀਤੀ ਸ਼ਿਰਕਤ

ਜਲੰਧਰ, 23 ਅਕਤੂਬਰ: ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਅੱਜ ਲੜਕੀਆਂ ਦੀ ਮਿਆਰੀ ਸਿੱਖਿਆ ਅਤੇ ਸੁਰੱਖਿਆ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਸਾਨੂੰ ਸਭ ਨੂੰ ਮਿਲ ਕੇ ਅਜਿਹਾ ਵਾਤਾਵਰਣ ਸਿਰਜਣਾ ਚਾਹੀਦਾ ਹੈ ਕਿ ਸਾਰੀਆਂ ਮਹਿਲਾਵਾਂ ਸਮਾਜਿਕ, ਆਰਥਿਕ, ਸੱਭਿਆਚਾਰਕ ਅਤੇ ਰਾਜਨੀਤਿਕ ਖੇਤਰ ਵਿੱਚ ਪੂਰੀ ਤਰ੍ਹਾਂ ਭਾਗ ਲੈ ਸਕਣ ਅਤੇ ਆਪਣਾ ਯੋਗਦਾਨ ਦੇ ਸਕਣ।
ਇਥੇ ਪ੍ਰੇਮ ਚੰਦ ਮਾਰਕੰਡਾ ਐਸ.ਡੀ. ਕਾਲਜ ਫਾਰ ਵੂਮੈਨ ਜਲੰਧਰ ਦੇ ਗੋਲਡਨ ਜੁਬਲੀ ਸਮਾਰੋਹ ਵਿੱਚ ਸ਼ਮਾ ਰੌਸ਼ਨ ਕਰਨ ਉਪੰਰਤ ਰਾਜਪਾਲ ਸ਼੍ਰੀ ਕਟਾਰੀਆ ਨੇ ਸੰਬੋਧਨ ਕਰਦਿਆਂ ਕਿਹਾ ਕਿ ਲੜਕੀਆਂ ਸਮਾਜ ਦੀ ਨੀਂਹ ਹਨ, ਜਿਨ੍ਹਾਂ ਨੂੰ ਪੜ੍ਹਾਉਣ ਅਤੇ ਉਨ੍ਹਾਂ ਦੇ ਸੁਪਨਿਆਂ ਨੂੰ ਉਡਾਨ ਦੇਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਲੜਕੀਆਂ ਵਿੱਚ ਅਪਾਰ ਸਮਰੱਥਾ ਹੈ ਅਤੇ ਜੇਕਰ ਉਨ੍ਹਾਂ ਨੂੰ ਸਹੀ ਦਿਸ਼ਾ ਦਿੱਤੀ ਜਾਵੇ ਤਾਂ ਉਹ ਕਿਸੇ ਵੀ ਮੁਕਾਮ ’ਤੇ ਪਹੁੰਚ ਸਕਦੀਆਂ ਹਨ।
ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਦਾ ਇਤਿਹਾਸ ਮਹਿਲਾਵਾਂ ਦੇ ਯੋਗਦਾਨ ਦੀਆਂ ਮਿਸਾਲਾਂ ਨਾਲ ਭਰਿਆ ਪਿਆ ਹੈ ਅਤੇ ਆਧੁਨਿਕ ਭਾਰਤ ਵਿੱਚ ਵੀ ਔਰਤਾਂ ਪੁਰਸ਼ਾਂ ਦੇ ਮੋਢੇ ਨਾਲ ਮੋਢਾ ਮਿਲਾ ਕੇ ਕੰਮ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਰਾਜਨੀਤੀ, ਫੌਜ, ਪੁਲਿਸ, ਖੇਡਾਂ, ਕਲਾ ਸਮੇਤ ਅਜਿਹਾ ਕੋਈ ਖੇਤਰ ਨਹੀਂ ਹੈ, ਜਿਥੇ ਔਰਤਾਂ ਨੇ ਆਪਣੀ ਕਾਬਲੀਅਤ ਦਾ ਲੋਹਾ ਨਾ ਮੰਨਵਾਇਆ ਹੋਵੇ।
ਸ਼੍ਰੀ ਕਟਾਰੀਆ ਨੇ ਕਿਹਾ ਕਿ ਇਕ ਸਿਹਤਮੰਦ, ਸਸ਼ਕਤ ਅਤੇ ਵਿਕਸਿਤ ਸਮਾਜ ਲਈ ਸਾਨੂੰ ਸਾਰਿਆਂ ਨੂੰ ਸਿੱਖਿਆ ਅਤੇ ਸਰਵਪੱਖੀ ਵਿਕਾਸ ਦੇ ਮਾਧਿਅਮ ਨਾਲ ਮਹਿਲਾਵਾਂ ਨੂੰ ਹੋਰ ਸਸ਼ਕਤ ਬਣਾਉਣ ਵਿੱਚ ਆਪੋ-ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।
ਅਧਿਆਪਨ ਨੂੰ ਪਵਿੱਤਰ ਕਿੱਤਾ ਦੱਸਦਿਆਂ ਰਾਜਪਾਲ ਨੇ ਕਿਹਾ ਕਿ ਅਧਿਆਪਨ ਸਿਰਫ਼ ਕਿੱਤਾ ਨਹੀਂ ਸਗੋਂ ਪਵਿੱਤਰ ਕਾਰਜ ਹੈ। ਉਨ੍ਹਾਂ ਕਿਹਾ ਕਿ ਨਰੋਏ ਸਮਾਜ ਦੀ ਸਿਰਜਣਾ ਵਿੱਚ ਅਧਿਆਪਕ ਦਾ ਵੱਡਮੁੱਲਾ ਯੋਗਦਾਨ ਹੁੰਦਾ ਹੈ, ਇਸ ਲਈ ਗੁਰੂ ਹਮੇਸ਼ਾ ਸਭ ਤੋਂ ਵੱਧ ਸਨਮਾਨ ਦਾ ਪਾਤਰ ਹੁੰਦਾ ਹੈ। ਉਨ੍ਹਾਂ ਇਸ ਮੌਕੇ ਤਕਨੀਕੀ ਤਰੱਕੀ ਅਤੇ ਸਾਡੀ ਅਮੀਰ ਵਿਰਾਸਤ ਦੀ ਸੰਭਾਲ ਦਰਮਿਆਨ ਸੰਤੁਲਨ ਬਣਾਈ ਰੱਖਣ ਲਈ ਨੌਜਵਾਨ ਪੀੜ੍ਹੀ ਨੂੰ ਸਿੱਖਿਆ ਦੇ ਨਾਲ-ਨਾਲ ਸੰਸਕਾਰ ਦੇਣ ਦੀ ਲੋੜ ’ਤੇ ਵੀ ਜ਼ੋਰ ਦਿੱਤਾ।
ਲੜਕੀਆਂ ਦੀ ਸਿੱਖਿਆ ਵਿੱਚ ਸੰਸਥਾ ਵੱਲੋਂ ਪਿਛਲੇ 50 ਸਾਲਾਂ ਤੋਂ ਪਾਏ ਜਾ ਰਹੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਾਲਜ ਨੂੰ ਭਵਿੱਖ ਵਿੱਚ ਸਫ਼ਲਤਾ ਦੀਆਂ ਹੋਰ ਬੁਲੰਦੀਆਂ ਹਾਸਲ ਕਰਨ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ। ਇਸ ਦੌਰਾਨ ਰਾਜਪਾਲ ਵੱਲੋਂ ਗੋਲਡਨ ਜੁਬਲੀ ਸਮਾਰੋਹ ਮੌਕੇ ਕਾਲਜ ਦਾ ਸੋਵੀਨਾਰ ਰਿਲੀਜ਼ ਕਰਨ ਦੇ ਨਾਲ-ਨਾਲ ਸਵਾਭਲੰਭੀ ਭਾਰਤ ਤਹਿਤ ਨੌਜਵਾਨ ਉੱਦਮੀਆਂ ਦਾ ਸਨਮਾਨ ਵੀ ਕੀਤਾ ਗਿਆ ਅਤੇ ਵਿਦਿਆਰਥਣਾਂ ਵੱਲੋਂ ਲਗਾਈਆਂ ਸਟਾਲਾਂ ਦੇਖੀਆਂ।
ਇਸ ਤੋਂ ਪਹਿਲਾਂ ਕਾਲਜ ਦੀ ਗਵਰਨਿੰਗ ਬਾਡੀ ਵੱਲੋਂ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ, ਐਸ.ਡੀ.ਐਮ. ਰਣਦੀਪ ਸਿੰਘ, ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਨਰੇਸ਼ ਬੁਧੀਆ, ਵਾਈਸ ਪ੍ਰਧਾਨ ਵਿਨੋਦ ਕੁਮਾਰ ਦਾਦਾ, ਸਕੱਤਰ ਨਰੇਸ਼ ਮਾਰਕੰਡਾ ਸਮੇਤ ਹੋਰ ਅਹੁਦੇਦਾਰ, ਸਵਦੇਸ਼ੀ ਜਾਗਰਣ ਮੰਚ ਤੋਂ ਸਤੀਸ਼ ਕੁਮਾਰ, ਪ੍ਰਿੰ. ਡਾ. ਪੂਜਾ ਪਰਾਸ਼ਰ, ਸੰਸਥਾ ਦੇ ਅਧਿਆਪਕ ਅਤੇ ਵਿਦਿਆਰਥਣਾਂ ਵੀ ਮੌਜੂਦ ਸਨ।

Leave a Comment

Your email address will not be published. Required fields are marked *

Scroll to Top