ਜਲੰਧਰ, 25 ਅਕਤੂਬਰ : ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਨਿਰਦੇਸ਼ਾਂ ਅਤੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਦੀ ਰਹਿਨੁਮਾਈ ਹੇਠ ਸਥਾਨਕ ਰੈਡ ਕਰਾਸ ਸਕੂਲ ਫਾਰ ਡੈਫ ਐਂਡ ਡੰਬ, ਮਕਸੂਦਾ ਵਿਖੇ ‘ਸਾਈਨ ਲੈਂਗੂਏਜ’ ਦਿਵਸ ਮਨਾਇਆ ਗਿਆ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਮਨਜਿੰਦਰ ਸਿੰਘ ਨੇ ਦੱਸਿਆ ਕਿ ਸਮਾਗਮ ਦੌਰਾਨ ਬੱਚਿਆਂ ਨਾਲ ਸਾਈਨ ਲੈਂਗੂਏਜ ਜ਼ਰੀਏ ਗੱਲਬਾਤ ਕੀਤੀ ਗਈ ਅਤੇ ਸਮਾਜ ਵਿੱਚ ਆਤਮ ਸਨਮਾਨ ਨਾਲ ਜੀਵਨ ਨਿਰਵਾਹ ਕਰਨ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਬੱਚਿਆਂ ਨੂੰ ਸਾਈਨ ਲੈਂਗੂਏਜ ਦਿਵਸ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਸਮਾਗਮ ਦੌਰਾਨ ਬੱਚਿਆਂ ਵੱਲੋਂ ਜਿਥੇ ਸਾਈਨ ਲੈਂਗੂਏਜ ਵਿੱਚ ਪ੍ਰੋਗਰਾਮ ਦੀ ਪੇਸ਼ਕਾਰੀ ਦਿੱਤੀ ਗਈ ਉਥੇ ਗਿੱਧਾ ਤੇ ਭੰਗੜਾ ਵੀ ਪੇਸ਼ ਕੀਤਾ ਗਿਆ।
ਇਸ ਮੌਕੇ ਸਕੂਲ ਪ੍ਰਿੰਸੀਪਲ ਅਤੇ ਸਟਾਫ਼ ਮੈਂਬਰਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਬੱਚਿਆਂ ਨੂੰ ਰਿਫਰੈਸ਼ਮੈਂਟ ਦਿੱਤੀ ਗਈ।
ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਪ੍ਰਿੰ. ਪੁਸ਼ਪਿੰਦਰ ਨਾਥ ਸ਼ਰਮਾ, ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਤੋਂ ਸੁਪਰਡੰਟ ਸੋਹਰਾਬ ਸਿੰਘ, ਸੀਨੀਅਰ ਸਹਾਇਕ ਗੁਰਿੰਦਰ ਸਿੰਘ, ਸਟੈਨੋ ਇੰਦਰਜੀਤ ਕੌਰ ਅਤੇ ਹੋਰ ਸਟਾਫ਼ ਮੈਂਬਰ ਮੌਜੂਦ ਸਨ।


















































