ਜਲੰਧਰ ਜ਼ਿਲ੍ਹੇ ’ਚ ਯੋਗ ਕ੍ਰਾਂਤੀ ਦਾ ਵਿਸਥਾਰ, 155 ਕਲਾਸਾਂ ’ਚ 5000 ਭਾਗੀਦਾਰ ਲੈ ਰਹੇ ਸਿਖ਼ਲਾਈ

ਜਲੰਧਰ, 3 ਜੂਨ: ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ‘ਸੀ.ਐਮ.ਦੀ ਯੋਗਸ਼ਾਲਾ’ ਪ੍ਰੋਗਰਾਮ ਨੇ ਸੂਬਾ ਵਾਸੀਆਂ ਦੀ ਸਿਹਤ ਅਤੇ ਭਲਾਈ ਨੂੰ ਨਵੀਂ ਦਿਸ਼ਾ ਪ੍ਰਦਾਨ ਕੀਤੀ ਹੈ। ਇਸ ਪ੍ਰੋਗਰਾਮ ਤਹਿਤ ਪੂਰੇ ਪੰਜਾਬ ਵਿੱਚ 3000 ਤੋਂ ਜ਼ਿਆਦਾ ਮੁਫ਼ਤ ਯੋਗ ਕਲਾਸਾਂ ਚਲਾਈਆਂ ਜਾ ਰਹੀਆਂ ਹਨ। ਇਹ ਕਲਾਸਾਂ ਸਵੇਰ ਤੋਂ ਸ਼ਾਮ ਤੱਕ ਨਿਯਮਿਤ ਰੂਪ ਵਿੱਚ ਲਗਾਈਆਂ ਜਾਂਦੀਆਂ ਹਨ ਅਤੇ ਹਜ਼ਾਰਾਂ ਲੋਕਾਂ ਦੇ ਜੀਵਨ ਵਿੱਚ ਸਕਰਾਤਮਕ ਤਬਦੀਲੀ ਲਿਆ ਰਹੀਆਂ ਹਨ।
ਪ੍ਰੋਗਰਾਮ ਦੇ ਜ਼ਿਲ੍ਹਾ ਕੋਆਰਡੀਨੇਟਰ ਜਤਿਨ ਕੁਮਾਰ ਨੇ ਦੱਸਿਆ ਕਿ ਜਲੰਧਰ ਵਿੱਚ ਰੋਜ਼ਾਨਾ 155 ਤੋਂ ਜ਼ਿਆਦਾ ਯੋਗ ਕਲਾਸਾਂ ਚਲਾਈਆਂ ਜਾ ਰਹੀਆਂ ਹਨ, ਜਿਨ੍ਹਾਂ ਵਿੱਚ 5000 ਤੋਂ ਜ਼ਿਆਦਾ ਭਾਗੀਦਾਰ ਹਿੱਸਾ ਲੈ ਕੇ ਮਾਨਸਿਕ ਅਤੇ ਸਰੀਰਕ ਤੰਦਰੁਸਤੀ ਦਾ ਲਾਭ ਪ੍ਰਾਪਤ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਜਲੰਧਰ ਵਿਖੇ ਇਹ ਪ੍ਰੋਗਰਾਮ ਦੂਜੇ ਪੜਾਅ ਵਿੱਚ ਸ਼ੁਰੂ ਕੀਤਾ ਗਿਆ ਸੀ ਅਤੇ ਇਸ ਮਹੀਨੇ 20 ਜੂਨ ਨੂੰ ਇਸਦੇ ਵੀ 2 ਸਾਲ ਮੁਕੰਮਲ ਹੋ ਜਾਣਗੇ।


ਕਰੀਅਰ ਦੇ ਨਵੇਂ ਰਾਹ : ‘ਡਿਪਲੋਮਾ ਇਨ ਮੈਡੀਟੇਸ਼ਨ ਐਂਡ ਯੋਗ ਸਾਇੰਸ’
ਪੰਜਾਬ ਸਰਕਾਰ ਵੱਲੋਂ ਕੇਵਲ ਯੋਗ ਕਲਾਸਾਂ ਹੀ ਨਹੀਂ ਚਲਾਈਆਂ ਜਾ ਰਹੀਆਂ ਬਲਕਿ ਨੌਜਵਾਨਾਂ ਨੂੰ ਯੋਗ ਦੇ ਖੇਤਰ ਵਿੱਚ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਵੀ ਵਚਨਬੱਧ ਹੈ। ਇਸੇ ਦਿਸ਼ਾ ਵਿੱਚ ਕਦਮ ਪੁੱਟਦਿਆਂ ਸੂਬੇ ਭਰ ਵਿੱਚ ਸੈਟੇਲਾਈਟ ਸੈਂਟਰਾਂ ਰਾਹੀਂ ‘ਡਿਪਲੋਮਾ ਇਨ ਮੈਡੀਟੇਸ਼ਨ ਐਂਡ ਯੋਗ ਸਾਇੰਸ’ ਨਾਮ ਨਾਲ ਇਕ ਸਾਲਾ ਕੋਰਸ ਸ਼ੁਰੂ ਕੀਤਾ ਗਿਆ ਹੈ।
ਇਹ ਡਿਪਲੋਮਾ ਨਵੀਂ ਸਿੱਖਿਆ ਨੀਤੀ ਮੁਤਾਬਕ ਟ੍ਰਾਈਮੈਸਟਰ ’ਤੇ ਅਧਾਰਿਤ ਹੈ, ਜਿਸ ਵਿੱਚ ਤਿੰਨ ਪੜ੍ਹਾਵਾਂ ਵਿੱਚ ਪੜ੍ਹਾਈ ਕਰਵਾਈ ਜਾਂਦੀ ਹੈ। ਡਿਪਲੋਮਾ ਦਾ ਪਹਿਲਾ ਟ੍ਰਾਈਮੈਸਟਰ ਸਫ਼ਲਤਾ ਪੂਰਵਕ ਪਾਸ ਕਰਨ ਵਾਲੇ ਵਿਦਿਆਰਥੀਆਂ ਨੂੰ ਫੀਲਡ ਵਿੱਚ ਕਲਾਸਾਂ ਲਗਾਉਣ ਦਾ ਮੌਕਾ ਦਿੱਤਾ ਜਾਂਦਾ ਹੈ, ਜਿਸ ਨਾਲ ਉਹ ਵਿਵਹਾਰਿਕ ਅਨੁਭਵ ਪ੍ਰਾਪਤ ਕਰ ਸਕਣ। ਇਸ ਦੌਰਾਨ ਸਰਕਾਰ ਵੱਲੋਂ ਉਨ੍ਹਾਂ ਨੂੰ 8000 ਰੁਪਏ ਪ੍ਰਤੀ ਮਹੀਨਾ ਮਾਨਭੇਟਾ ਵੀ ਦਿੱਤਾ ਜਾਂਦਾ ਹੈ।
ਜਲੰਧਰ ਜ਼ਿਲ੍ਹੇ ਵਿਚ ਇਹ ਡਿਪਲੋਮਾ ਕੋਰਸ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ, ਲੈਦਰ ਕੰਪਲੈਕਸ ਵਿੱਚ ਸਫ਼ਲਤਾ ਪੂਰਵਕ ਚਲਾਇਆ ਜਾ ਰਿਹਾ ਹੈ। ਇਸ ਦੇ ਪਹਿਲੇ ਬੈਚ ਦੇ ਵਿਦਿਆਰਥੀਆਂ ਨੇ ਆਪਣਾ ਪਹਿਲਾ ਟ੍ਰਾਈਮੈਸਟਰ ਮੁਕੰਮਲ ਕਰ ਲਿਆ ਹੈ ਅਤੇ ਮੌਜੂਦਾ ਸਮੇਂ ਉਹ ਫੀਲਡ ਵਿੱਚ ਕਲਾਸਾਂ ਵੀ ਲੈ ਰਹੇ ਹਨ।
ਉਨ੍ਹਾਂ ਦੱਸਿਆ ਕਿ ਜਲੰਧਰ ਵਿੱਚ ਇਸ ਯੋਗ ਕ੍ਰਾਂਤੀ ਨੂੰ ਸਫ਼ਲ ਬਣਾਉਣ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਦਾ ਸ਼ਲਾਘਾਯੋਗ ਯੋਗਦਾਨ ਹੈ। ਡਿਪਟੀ ਕਮਿਸ਼ਨਰ ਡਾ.ਹਿਮਾਂਸ਼ੂ ਅਗਰਵਾਲ, ਵਧੀਕ ਡਿਪਟੀ ਕਮਿਸ਼ਨਰ ਜਸਬੀਰ ਸਿੰਘ ਅਤੇ ਉਨ੍ਹਾਂ ਦੀ ਪੂਰੀ ਟੀਮ ਇਸ ਲੋਕ ਭਲਾਈ ਯੋਜਨਾ ਨੂੰ ਪੂਰੀ ਦ੍ਰਿੜਤਾ ਨਾਲ ਅੱਗੇ ਵਧਾ ਰਹੀ ਹੈ। ਉਨ੍ਹਾਂ ਦੇ ਅਣਥੱਕ ਯਤਨਾਂ ਨਾਲ ਜਿਥੇ ਇਹ ਯੋਜਨਾ ਸਫ਼ਲ ਰਹੀ ਹੈ ਉਥੇ ਲੋਕਾਂ ਦੇ ਜੀਵਨ ਵਿੱਚ ਸਥਾਈ ਪਰਿਵਰਤਨ ਲਿਆਉਣ ਵਿੱਚ ਵੀ ਸਮਰੱਥ ਰਹੀ ਹੈ।
ਜ਼ਿਲ੍ਹਾ ਕੋਆਰਡੀਨੇਟਰ ਨੇ ਅੱਗੇ ਦੱਸਿਆ ਕਿ ਜ਼ਿਲ੍ਹਾ ਵਾਸੀ ਇਸ ਸਬੰਧੀ ਵਧੇਰੇ ਜਾਣਕਾਰੀ ਲਈ ਪੰਜਾਬ ਸਰਕਾਰ ਵੱਲੋਂ ਜਾਰੀ ਨੰਬਰ 7669 400 500 ֹ’ਤੇ ਮਿਸ ਕਾਲ ਦੇ ਕੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਇਸ ਤੋਂ ਇਲਾਵਾ ਵੈਬਸਾਈਟ https://cmdiyogshala.punjab.gov.in  ਤੋਂ ਵੀ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ।

Leave a Comment

Your email address will not be published. Required fields are marked *

Scroll to Top