ਵੜਿੰਗ ਨੇ ਚੀਮਾ ਵੱਲੋਂ ਡੋਪ ਟੈਸਟ ਦੀ ਚੁਣੌਤੀ ਨੂੰ ਸਵੀਕਾਰ ਕੀਤਾ
ਪੁੱਛਿਆ – ਸਿਰਫ਼ ਕਾਂਗਰਸ, ਅਕਾਲੀ ਆਗੂ ਹੀ ਕਿਉਂ, ਆਮ ਆਦਮੀ ਪਾਰਟੀ ਵੀ ਕਿਉਂ ਨਹੀਂ ਹੋਵੇ ਟੈਸਟ
ਅਕਾਲੀ, ਭਾਜਪਾ ਪਹਿਲਾਂ ਹੀ ਇੱਕ ਸਮਝੌਤਾ ਕਰ ਚੁੱਕੇ ਹਨ

ਚੰਡੀਗੜ੍ਹ, 9 ਜੂਨ: ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਚੁਣੌਤੀ ਨੂੰ ਸਵੀਕਾਰ ਕਰਦੇ ਹੋਏ ਸੁਝਾਅ ਦਿੱਤਾ ਹੈ ਕਿ ਕਾਂਗਰਸ ਅਤੇ ਅਕਾਲੀ ਆਗੂਆਂ ਦਾ ਡੋਪ ਟੈਸਟ ਹੋਣਾ ਚਾਹੀਦਾ ਹੈ।

ਇਸ ਦੇ ਨਾਲ ਹੀ ਉਨ੍ਹਾਂ ਨੇ ਅਫਸੋਸ ਪ੍ਰਗਟ ਕੀਤਾ ਹੈ ਕਿ ਚੀਮਾ ਮਾਮਲੇ ਨੂੰ ਗੰਭੀਰਤਾ ਨਾਲ ਲੈਣ ਦੀ ਬਜਾਏ ਇਸਦਾ ਸਿਆਸੀਕਰਨ ਕਰਨ ਅਤੇ ਦੋਸ਼ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਉਹ ਚੀਮਾ ਸਾਹਿਬ ਦੇ ਸੁਝਾਅ ਦਾ ਸਵਾਗਤ ਕਰਦੇ ਹਨ, ਲੇਕਿਨ ਸਵਾਲ ਇਹ ਹੈ ਕਿ ਡੋਪ ਟੈਸਟ ਸਿਰਫ਼ ਅਕਾਲੀ ਅਤੇ ਕਾਂਗਰਸੀ ਆਗੂਆਂ ਦੇ ਹੀ ਕਿਉਂ ਹੋਣ, ਆਮ ਆਦਮੀ ਪਾਰਟੀ ਦੇ ਆਗੂਆਂ ਦੇ ਵੀ ਕਿਉਂ ਨਹੀਂ?
ਉਨ੍ਹਾਂ ਸੁਝਾਅ ਦਿੱਤਾ ਕਿ ਸਾਰੇ ਸਿਆਸੀ ਆਗੂਆਂ ਦੇ ਸਮੇਂ-ਸਮੇਂ ‘ਤੇ ਡੋਪ ਟੈਸਟ ਹੋਣੇ ਚਾਹੀਦੇ ਹਨ ਅਤੇ ਇਸ ਵਿੱਚ ਸ਼ਰਾਬ ਵੀ ਸ਼ਾਮਲ ਹੋਣੀ ਚਾਹੀਦੀ ਹੈ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਹਰ ਆਗੂ ਅਤੇ ਜਨਤਕ ਪ੍ਰਤੀਨਿਧੀ ‘ਤੇ ਸਮੇਂ-ਸਮੇਂ ‘ਤੇ ਡੋਪ ਟੈਸਟ ਲਾਗੂ ਕਰਨ ਲਈ ਕਾਨੂੰਨ ਲਿਆਉਣ ਦਾ ਸੁਝਾਅ ਦਿੱਤਾ।

ਇਸ ਲੜੀ ਹੇਠ, ਲੰਬੀ ਅਤੇ ਮੁਕਤਸਰ ਖੇਤਰ ਦੇ ਸਰਹੱਦੀ ਪਿੰਡਾਂ ਦੇ ਲੋਕਾਂ ਨਾਲ ਗੱਲਬਾਤ ਦੌਰਾਨ ਭੁੱਕੀ ਦੀ ਕਾਸ਼ਤ ਦੀ ਇਜਾਜ਼ਤ ਦੇਣ ਬਾਰੇ ਆਪਣੇ ਸੁਝਾਅ ਦਾ ਜ਼ਿਕਰ ਕਰਦੇ ਹੋਏ, ਵੜਿੰਗ ਨੇ ਕਿਹਾ ਕਿ ਉਨ੍ਹਾਂ ਨੂੰ ਦੱਸਿਆ ਗਿਆ ਹੈ ਕਿ ਇੱਥੇ ਬਹੁਤ ਜ਼ਿਆਦਾ ‘ਸਿੰਥੈਟਿਕ ਡਰੱਗ’ ਦੀ ਲਤ ਨਹੀਂ ਹੈ, ਕਿਉਂਕਿ ਲੋਕ ਸਰਹੱਦੀ ਰਾਜਸਥਾਨ ਵਿੱਚ ਲਾਇਸੈਂਸਸ਼ੁਦਾ ਠੇਕਿਆਂ ਤੋਂ ਭੁੱਕੀ ਪ੍ਰਾਪਤ ਕਰਦੇ ਹਨ ਅਤੇ ਇਹ ਸਿੰਥੈਟਿਕ ਡਰੱਗਜ਼ ਨਾਲੋਂ ਬਹੁਤ ਘੱਟ ਨੁਕਸਾਨਦੇਹ ਹੈ।

ਉਨ੍ਹਾਂ ਕਿਹਾ ਕਿ ਇਹ ਇੱਕ ਸਵੀਕਾਰਯੋਗ ਤੱਥ ਹੈ ਕਿ ਭੁੱਕੀ ਸਿੰਥੈਟਿਕ ਡਰੱਗਜ਼ ਨਾਲੋਂ ਘੱਟ ਖ਼ਤਰਨਾਕ ਹੈ। ਉਨ੍ਹਾਂ ਕਿਹਾ ਕਿ ਨਸ਼ਾ ਇੱਕ ਹਕੀਕਤ ਹੈ ਅਤੇ ਇਸਨੂੰ ਖਤਮ ਕਰਨਾ ਇੱਕ ਚੁਣੌਤੀਪੂਰਨ ਕੰਮ ਹੈ। ਉਨ੍ਹਾਂ ਕਿਹਾ ਕਿ ਸਿਰਫ਼ 9000 ਕੇਸ ਦਰਜ ਕਰਨ ਜਾਂ ਛੋਟੇ ਤਸਕਰਾਂ ਦੇ ਕੁਝ ਘਰਾਂ ਨੂੰ ਢਾਹ ਦੇਣ ਨਾਲ ਸਮੱਸਿਆ ਦਾ ਹੱਲ ਨਹੀਂ ਹੋਵੇਗਾ।

ਉਨ੍ਹਾਂ ਕਿਹਾ ਕਿ 31 ਮਈ ਤੋਂ ਬਾਅਦ, ਪੰਜਾਬ ਸਰਕਾਰ ਦੁਆਰਾ ਸੂਬੇ ਵਿੱਚੋਂ ਨਸ਼ਿਆਂ ਨੂੰ ਖਤਮ ਕਰਨ ਲਈ ਨਿਰਧਾਰਤ ਕੀਤੀ ਗਈ ਸਮਾਂ ਸੀਮਾ ਤੋਂ ਬਾਅਦ, ਨਸ਼ਿਆਂ ਦੀ ਓਵਰਡੋਜ਼ ਕਾਰਨ ਲਗਭਗ 8 ਜਾਂ 9 ਮੌਤਾਂ ਦੀਆਂ ਖ਼ਬਰਾਂ ਹਨ।

ਉਨ੍ਹਾਂ ਦੱਸਿਆ ਕਿ ਕੈਨੇਡਾ ਅਤੇ ਅਮਰੀਕਾ ਦੇ ਕਈ ਸੂਬਿਆਂ ਨੇ ਭੰਗ ਨੂੰ ਕਾਨੂੰਨੀ ਮਾਨਤਾ ਦੇ ਦਿੱਤੀ ਹੈ। ਉਨ੍ਹਾਂ ਸਵਾਲ ਕੀਤਾ ਕਿ ਭਾਰਤ ਵਿੱਚ ਭੁੱਕੀ ਵਰਗੀਆਂ ਰਵਾਇਤੀ ਚੀਜ਼ਾਂ ਦੀ ਇਜਾਜ਼ਤ ਦੇਣ ਬਾਰੇ ਬਹਿਸ ਕਿਉਂ ਨਹੀਂ ਹੋ ਸਕਦੀ। ਜਦੋਂ ਕਿ ਨਸ਼ਾ ਪੀੜਤਾਂ ਨੂੰ ਦਿੱਤੀਆਂ ਜਾਣ ਵਾਲੀਆਂ ਨਸ਼ਾ ਛੁਡਾਊ ਗੋਲੀਆਂ ਵੀ ਇੰਨੀਆਂ ਆਦੀ ਹਨ ਕਿ ਇਨ੍ਹਾਂ ਤੋਂ ਛੁਟਕਾਰਾ ਪਾਉਣਾ ਆਮ ਨਸ਼ੇ ਵਾਂਗ ਹੀ ਮੁਸ਼ਕਲ ਹੈ।
ਇਸੇ ਤਰ੍ਹਾਂ, ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਦੇ ਸੁਝਾਅ ਕਿ ਸਾਰੇ ਅਕਾਲੀ ਧੜਿਆਂ ਨੂੰ ਪੰਜਾਬ ਦੇ ਹਿੱਤ ਵਿੱਚ ਇੱਕਜੁੱਟ ਹੋਣਾ ਚਾਹੀਦਾ ਹੈ, ਬਾਰੇ ਇੱਕ ਹੋਰ ਸਵਾਲ ਦੇ ਜਵਾਬ ਵਿੱਚ, ਵੜਿੰਗ ਨੇ ਦਾਅਵਾ ਕੀਤਾ ਕਿ ਅਕਾਲੀ ਅਤੇ ਭਾਜਪਾ ਪਹਿਲਾਂ ਹੀ ਇੱਕ ਗੁਪਤ ਸਮਝੌਤਾ ਕਰ ਚੁੱਕੇ ਹਨ। ਪਰ ਦੋਵਾਂ ਪਾਰਟੀਆਂ ਨੂੰ ਪੰਜਾਬ ਦੇ ਲੋਕਾਂ ਨੇ ਰੱਦ ਕਰ ਦਿੱਤਾ ਹੈ ਅਤੇ ਉਨ੍ਹਾਂ ਕੋਲ ਕੋਈ ਮੌਕਾ ਨਹੀਂ ਹੈ।
ਹਾਲਾਂਕਿ, ਇਹ ਪੁੱਛੇ ਜਾਣ ‘ਤੇ ਕਿ ਕੀ ਅਕਾਲੀ-ਭਾਜਪਾ ਗੱਠਜੋੜ ਕਾਂਗਰਸ ਦੀਆਂ ਸੰਭਾਵਨਾਵਾਂ ਨੂੰ ਪ੍ਰਭਾਵਤ ਕਰੇਗਾ, ਉਨ੍ਹਾਂ ਦੱਸਿਆ ਕਿ ਕਾਂਗਰਸ ਨੇ ਪਹਿਲਾਂ ਵੀ ਗੱਠਜੋੜ ਨੂੰ ਹਰਾਇਆ ਹੈ। ਇਸ ਤੋਂ ਇਲਾਵਾ, ਉਨ੍ਹਾਂ ਅੱਗੇ ਕਿਹਾ ਕਿ ਹੁਣ ਉਹ ਸਰਕਾਰ ਬਣਾਉਣ ਲਈ ਨਹੀਂ ਸਗੋਂ ਬਚਾਅ ਲਈ ਲੜ ਰਹੇ ਹਨ।

ਜਦਕਿ ਲੁਧਿਆਣਾ ਪੱਛਮੀ ਜ਼ਿਮਨੀ ਚੋਣ ਬਾਰੇ ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਜ਼ੋਰ ਦਿੰਦਿਆਂ ਕਿਹਾ ਕਿ ਕਾਂਗਰਸ ਰਿਕਾਰਡ ਫਰਕ ਨਾਲ ਜਿੱਤੇਗੀ ਅਤੇ ਇਤਿਹਾਸ ਰਚੇਗੀ। ਉਨ੍ਹਾਂ ਕਿਹਾ ਕਿ ਸੱਤਾਧਾਰੀ ‘ਆਪ’ ਦੁਆਰਾ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਦੇ ਮਾਮਲੇ ਤੋਂ ਇਲਾਵਾ, ਕਾਂਗਰਸ ਨੂੰ ਅਸਲ ਵਿੱਚ ਉੱਥੇ ਕੋਈ ਚੁਣੌਤੀ ਦਾ ਸਾਹਮਣਾ ਨਹੀਂ ਕਰਨਾ ਪਿਆ। ਲੇਕਿਨ ਇਸਦੇ ਬਾਵਜੂਦ ਕਾਂਗਰਸ ‘ਆਪ’ ਅਤੇ ਹੋਰ ਪਾਰਟੀਆਂ ਨੂੰ ਧੂੜ ਚੱਟਣ ਲਈ ਮਜਬੂਰ ਕਰ ਦੇਵੇਗੀ।

Leave a Comment

Your email address will not be published. Required fields are marked *

Scroll to Top