ਜਲੰਧਰ, 27 ਨਵੰਬਰ – ਵਧੀਕ ਡਿਪਟੀ ਕਮਿਸ਼ਨਰ (ਜਨਰਲ) ਡਾ. ਅਮਿਤ ਮਹਾਜਨ ਵਲੋਂ ਮਧੁਰ ਬਾਂਸਲ ਪ੍ਰੋਜੈਕਟ ਮੇਨੈਜਰ ਅਤੇ ਅੰਕੁਸ਼ ਠਾਕੁਰ ਸਹਾਇਕ ਮੇਨੈਜਰ ਯੂ.ਆਈ.ਡੀ.ਏ.ਆਈ. ਰੀਜ਼ਨਲ ਦਫ਼ਤਰ ਚੰਡੀਗੜ੍ਹ ਦੇ ਨਾਲ ਆਧਾਰ ਇਨਰੋਲਮੈਂਟ ਅਤੇ ਈਕੋਸਿਸਟਮ ਨੂੰ ਹੋਰ ਮਜਬੂਤ ਕਰਨ ਲਈ ਕੀਤੇ ਜਾ ਰਹੇ ਕੰਮ ਦਾ ਜਾਇਜ਼ਾ ਲੈਣ ਲਈ ਮੀਟਿੰਗ ਕੀਤੀ ਗਈ।
ਡਾ. ਅਮਿਤ ਮਹਾਜਨ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜ਼ਿਲ੍ਹੇ ਵਿੱਚ ਸਾਰੇ ਬੱਚਿਆਂ ਨੂੰ ਆਧਾਰ ਨਾਲ ਇਨਰੋਲਮੈਂਟ ਕਰਨ ਨੂੰ ਯਕੀਨੀ ਬਣਾਉਣ ਲਈ ਹਸਪਤਾਲਾਂ, ਟੀਕਾਕਰਨ ਸੈਂਟਰਾਂ, ਐਲੀਮੇੈਂਟਰੀ ਸਕੂਲਾਂ ਅਤੇ ਆਂਗਨਵਾੜੀ ਸੈਂਟਰਾਂ ਵਿੱਚ ਆਧਾਰ ਕੈਂਪ ਲਗਾਏ ਜਾਣ। ਉਨ੍ਹਾਂ 5 ਤੋਂ 15 ਸਾਲ ਦੇ ਸਾਰੇ ਬੱਚਿਆਂ ਦੀ ਮੇਨਡੈਟਰੀ ਬਾਇਓਮੈਟ੍ਰਿਕ ਅਪਡੇਟ (ਐਮ.ਬੀ.ਯੂ.) ਨੂੰ ਮੁਕੰਮਲ ਕਰਨ ਦੀ ਮਹੱਤਤਾ ’ਤੇ ਜ਼ੋਰ ਦਿੰਦਿਆਂ ਦੱਸਿਆ ਕਿ ਇਹ ਸਹੂਲਤ 5 ਤੋਂ 7 ਸਾਲ ਅਤੇ 15 ਤੋਂ 17 ਸਾਲ ਤੱਕ ਦੇ ਬੱਚਿਆਂ ਲਈ ਮੁਫ਼ਤ ਹੈ। ਇਸ ਤੋਂ ਇਲਾਵਾ ਉਨ੍ਹਾਂ ਸਿੱਖਿਆ ਵਿਭਾਗ ਨੂੰ ਹਦਾਇਤ ਕੀਤੀ ਕਿ ਸਕੂਲਾਂ ਵਿੱਚ ਆਧਾਰ ਕਿੱਟ ਦੀ ਮੂਵਮੈਂਟ ਸਬੰਧੀ ਰੋਸਟਰ ਤਿਆਰ ਕੀਤਾ ਜਾਵੇ। ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਗਈ ਕਿ ਆਧਾਰ ਇਨਰੋਲਮੈਂਟ ਸੈਂਟਰਾਂ ਦੇ ਕੰਮ-ਕਾਜ ਦੀ ਨਿਯਮਤ ਜਾਂਚ ਨੂੰ ਵੀ ਯਕੀਨੀ ਬਣਾਇਆ ਜਾਵੇ।
ਇਸ ਮੌਕੇ ਮਧੁਰ ਬਾਂਸਲ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਸਰਕਾਰੀ ਸਹੂਲਤਾਂ ਦਾ ਨਿਰਵਿਘਨ ਲਾਭ ਪ੍ਰਾਪਤ ਕਰਨ ਲਈ ਆਪਣਾ ਮੋਬਾਇਲ ਅਤੇ ਦਸਤਾਵੇਜ਼ ਆਧਾਰ ਨਾਲ ਅਪਡੇਟ ਰੱਖਣ। ਉਨ੍ਹਾਂ ਕਿਹਾ ਕਿ 14 ਦਸੰਬਰ 2024 ਤੱਕ ਆਧਾਰ ਕਾਰਡ ਨਾਲ ਦਸਤਾਵੇਜ਼ ਅਪਡੇਟ ਕਰਨ ਦੀ ਸਹੂਲਤ ਬਿਲਕੁੱਲ ਮੁਫ਼ਤ ਹੈ।
ਵਧੀਕ ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਸੱਦਾ ਦਿੱਤਾ ਕਿ ਸਰਕਾਰ ਦੀਆਂ ਜਰੂਰੀ ਸੇਵਾਵਾਂ ਦਾ ਨਿਰਵਿਘਨ ਲਾਭ ਪ੍ਰਾਪਤ ਕਰਨ ਲਈ 100 ਫੀਸਦੀ ਆਧਾਰ ਇਨਰੋਲਮੈਂਟ ਅਤੇ ਅਪੇਡਟ ਸਬੰਧੀ ਕੀਤੀਆਂ ਜਾ ਰਹੀਆਂ ਪਹਿਲਕਦਮੀਆਂ ਵਿੱਚ ਸਰਗਰਮੀ ਨਾਲ ਹਿੱਸਾ ਲਿਆ ਜਾਵੇ।
ਇਸ ਮੌਕੇ ਐਸ.ਡੀ.ਐਮਜ਼ ਰਣਦੀਪ ਸਿੰਘ ਹੀਰ ਅਤੇ ਅਮਨਪਾਲ ਸਿੰਘ, ਡੀ.ਐਫ.ਐਸ.ਸੀ. ਨਰਿੰਦਰ ਸਿੰਘ ਤੋਂ ਇਲਾਵਾ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।
————-
- +91 99148 68600
- info@livepunjabnews.com