ਜਲੰਧਰ, 31 ਜੁਲਾਈ – ਸੈਨਿਕ ਵੋਕੇਸ਼ਨਲ ਟ੍ਰੇਨਿੰਗ ਸੈਂਟਰ ਵਿੱਚ 11 ਮਹੀਨਿਆਂ ਲਈ ਠੇਕੇ ਦੇ ਆਧਾਰ ‘ਤੇ ਐਜੂਕੇਸ਼ਨ ਇੰਸਟਰਕਟਰ, ਫਿਜ਼ੀਕਲ ਟ੍ਰੇਨਿੰਗ ਇੰਸਟਰਕਟਰ ਅਤੇ ਪਾਰਟ ਟਾਈਮ ਕਲਰਕ ਦੀ ਇਕ-ਇਕ ਅਸਾਮੀ ’ਤੇ ਨਿਯੁਕਤੀ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ।
ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਦੇ ਬੁਲਾਰੇ ਨੇ ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਜੂਕੇਸ਼ਨ ਇੰਸਟਰਕਟਰ ਦੀ ਅਸਾਮੀ ਲਈ ਉਮੀਦਵਾਰ ਦੀ ਯੋਗਤਾ ਸੇਵਾਮੁਕਤ ਜੇ.ਸੀ.ਓ./ਹਵਲਦਾਰ (ਏ.ਈ.ਸੀ.) ਜਾਂ ਸਾਬਕਾ ਸੈਨਿਕਾਂ ਦੇ ਆਸ਼ਰਿਤ ਸਾਇੰਸ ਤੇ ਹਿਸਾਬ ਵਿਸ਼ੇ ਨਾਲ ਗ੍ਰੈਜੂਏਸ਼ਨ ਕੀਤੀ ਹੋਣੀ ਚਾਹੀਦੀ ਹੈ। ਇਸੇ ਤਰ੍ਹਾਂ ਫਿਜ਼ੀਕਲ ਟ੍ਰੇਨਿੰਗ ਇੰਸਟਰਕਟਰ (ਪੀ.ਟੀ.ਆਈ.) ਦੀ ਅਸਾਮੀ ਲਈ ਉਮੀਦਵਾਰ ਦੀ ਯੋਗਤਾ ਸਾਬਕਾ ਸੈਨਿਕ ਸਮੇਤ ਲਾਂਗ ਪੀ.ਟੀ.ਆਈ. ਕੁਆਲੀਫਾਈਡ ਕੋਰਸ (ਮੈਡ ਕੈਟ ਸ਼ੇਪ-ਵਨ) ਅਤੇ ਪਾਰਟ ਟਾਈਮ ਕਲਰਕ ਦੀ ਅਸਾਮੀ ਲਈ ਉਮੀਦਵਾਰ ਸਾਬਕਾ ਸੈਨਿਕ ਕਲਰਕ/ਜੀ.ਡੀ. (ਐਸ.ਡੀ.) ਹੋਣਾ ਚਾਹੀਦਾ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਐਜੂਕੇਸ਼ਨ ਇੰਸਟਰਕਟਰ ਨੂੰ ਪ੍ਰਤੀ ਮਹੀਨਾ 12000 ਰੁਪਏ ਤਨਖਾਹ ਦਿੱਤੀ ਜਾਵੇਗੀ। ਇਸੇ ਤਰ੍ਹਾਂ ਫਿਜ਼ੀਕਲ ਟ੍ਰੇਨਿੰਗ ਇੰਸਟਰਕਟਰ ਨੂੰ ਵੀ ਪ੍ਰਤੀ ਮਹੀਨਾ 12000 ਰੁਪਏ ਅਤੇ ਪਾਰਟ ਟਾਈਮ ਕਲਰਕ ਨੂੰ 8500 ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਵੇਗੀ।
ਬੁਲਾਰੇ ਨੇ ਦੱਸਿਆ ਕਿ ਚਾਹਵਾਨ ਉਮੀਦਵਾਰ ਆਪਣੇ ਦਸਤਾਵੇਜ਼ ਅਤੇ ਬਾਇਓ ਡਾਟਾ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ, ਸ਼ਾਸਤਰੀ ਮਾਰਕੀਟ ਜਲੰਧਰ ਸਥਿਤ ਇਸ ਦਫ਼ਤਰ ਵਿਖੇ 13 ਅਗਸਤ 2024 ਸ਼ਾਮ 5 ਵਜੇ ਤੱਕ ਜਮ੍ਹਾ ਕਰਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਨੂੰ ਤਰਜੀਹ ਦਿੱਤੀ ਜਾਵੇਗੀ।
