ਚੰਡੀਗੜ੍ਹ, 8 ਜਨਵਰੀ – ਕਾਂਗਰਸ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚਿੱਠੀ ਲਿਖੀ ਹੈ। ਚਿੱਠੀ ‘ਚ ਉਨ੍ਹਾਂ ਦੋਸ਼ ਲਾਇਆ ਕਿ ਹਾਲ ਹੀ ਵਿਚ ਖ਼ਤਮ ਹੋਏ ਝੋਨੇ ਦੀ ਖ਼ਰੀਦ ਸੀਜ਼ਨ 2024-25 ਦੌਰਾਨ ਸੂਬੇ ਪੱਧਰ ‘ਤੇ ਪੰਜਾਬ ਦੇ ਕਿਸਾਨਾਂ ਨਾਲ 5000 ਕਰੋੜ ਰੁਪਏ ਦੀ ਲੁੱਟ ਤੇ ਸ਼ੋਸ਼ਣ ਹੋਇਆ ਹੈ ਜਿਸ ਦੀ ਸੀ.ਬੀ.ਆਈ. ਜਾਂਚ ਕਰਵਾਈ ਜਾਵੇ। ਇਹ ਜਾਣਕਾਰੀ ਅੱਜ ਉਨ੍ਹਾਂ ਵਲੋਂ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦਿੱਤੀ ਗਈ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਮੰਡੀਆਂ ਵਿਚੋਂ ਅੰਦਾਜ਼ਨ 185 ਲੱਖ ਮੀਟ੍ਰਿਕ ਟਨ ਝੋਨੇ ਦੀ ਫ਼ਸਲ ਦੀ ਖ਼ਰੀਦ ਦੇ ਇੰਤਜ਼ਾਮ ਕਰਨ ਵਾਸਤੇ ਭਾਰਤ ਸਰਕਾਰ ਵਲੋਂ ਹਰ ਸਾਲ ਦੀ ਤਰ੍ਹਾਂ ਸਤੰਬਰ 2024 ਵਿਚ 43000 ਕਰੋੜ ਰੁਪਏ ਦੀ ਕੈਸ਼ ਕਰੈਡਿਟ ਲਿਮਟ ਜਾਰੀ ਕੀਤੀ ਗਈ ਸੀ। ਉਕਤ ਭੁਗਤਾਨ ਦੀ ਅਦਾਇਗੀ ਕਿਸਾਨਾਂ ਦੇ ਖਾਤਿਆਂ ਵਿਚ ਸਿੱਧੇ ਤੌਰ ਉੱਪਰ 2320 ਰੁਪਏ ਪ੍ਰਤੀ ਕੁਇੰਟਲ ਨਿਸ਼ਚਤ ਐਮ.ਐਸ.ਪੀ. ਅਨੁਸਾਰ ਕੀਤੀ ਜਾਣੀ ਸੀ ਪਰ ਪੰਜਾਬ ਸਰਕਾਰ ਨੇ ਇਕ ਸੋਚੀ ਸਮਝੀ ਰਣਨੀਤੀ ਤਹਿਤ ਕਿਸਾਨਾਂ ਵਿਚ ਇਹ ਗੱਲ ਫੈਲਾਈ ਕਿ ਪਹਿਲੇ 2023-24 ਸੀਜਨ ਦਾ ਝੋਨਾ ਤੇ ਸ਼ੈਲਡ ਚੌਲ ਭਾਰਤ ਸਰਕਾਰ ਵਲੋਂ ਚੁੱਕੇ ਨਹੀਂ ਗਏ ਹਨ, ਇਸ ਲਈ ਝੋਨੇ ਦੀ ਫ਼ਸਲ ਦੀ ਖ਼ਰੀਦ ਪੂਰੇ ਐਮ.ਐਸ.ਪੀ. ਉੱਪਰ ਖਰੀਦਿਆ ਜਾਣਾ ਸੰਭਵ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਜੇਕਰ ਸੀ.ਬੀ.ਆਈ. ਵਰਗੀ ਕੋਈ ਏਜੰਸੀ ਇਸ ਵੱਡੇ ਘਪਲੇ ਦੀ ਜਾਂਚ ਕਰੇਗੀ ਤਾਂ ਹਜ਼ਾਰਾਂ ਲੱਖਾਂ ਕਿਸਾਨ ਆੜ੍ਹਤੀਆਂ ਵਲੋਂ ਦਿੱਤੀਆਂ ਗਈਆਂ ਕੱਚੀਆਂ ਪਰਚੀਆਂ ਦਾ ਵੇਰਵਾ ਦੇਣਗੇ ਜਿਨ੍ਹਾਂ ਵਿਚ ਉਨ੍ਹਾਂ ਦਾ ਵਜ਼ਨ ਪੂਰਾ ਹੈ ਪਰੰਤੂ ਐਮ.ਐਸ.ਪੀ. ਮੁੱਲ 150 ਤੋਂ 500 ਰੁਪਏ ਘੱਟ ਲਿਖਿਆ ਹੈ ਜਿਸ ਤੋਂ ਇਸ ਘਪਲੇ ਦਾ ਪਰਦਾਫਾਸ਼ ਹੋ ਜਾਵੇਗਾ।
