ਕੌਮੀ ਮੱਛੀ ਪਾਲਕ ਦਿਵਸ ਮੌਕੇ ਕਿਸਾਨਾਂ  ਨੂੰ ਮੱਛੀ ਪਾਲਣ ਦਾ ਕਿੱਤਾ ਸ਼ੁਰੂ ਕਰਨ ਬਾਰੇ ਦਿੱਤੀ ਜਾਣਕਾਰੀ

ਜਲੰਧਰ, 12 ਜੁਲਾਈ – ਖੇਤੀਬਾੜੀ ਵਿੱਚ ਵਨ-ਸੁਵੰਨਤਾ ਅਤੇ ਆਮਦਨ ਵਿੱਚ ਵਾਧਾ ਕਰਨ ਲਈ ਮੱਛੀ ਪਾਲਣ ਦਾ ਕਿੱਤਾ ਬਹੁਤ ਹੀ ਲਾਹੇਵੰਦ ਹੈ। ਸਹਾਇਕ ਡਾਇਰੈਕਟਰ ਮੱਛੀ ਪਾਲਣ ਗੁਰਪ੍ਰੀਤ ਸਿੰਘ ਨੇ ਕੌਮੀ ਮੱਛੀ ਪਾਲਕ ਦਿਵਸ ਮੌਕੇ ਮੱਛੀ ਪਾਲਕਾਂ ਨੂੰ ਜਾਣਕਾਰੀ ਦੱਸਿਆ ਕਿ ਮੱਛੀ ਪਾਲਣ ਦਾ ਕਿੱਤਾ ਸ਼ੁਰੂ ਕਰਨ ਲਈ ਮੱਛੀ ਪਾਲਣ ਵਿਭਾਗ ਵੱਲੋਂ ਪੰਜ ਰੋਜ਼ਾ ਮੁਫ਼ਤ ਸਿਖ਼ਲਾਈ ਦੇਣ ਤੋਂ ਇਲਾਵਾ ਬੈਂਕਾਂ ਪਾਸੋਂ ਵਿੱਤੀ ਸਹਾਇਤਾ ਵੀ ਉਪਲਬਧ ਕਰਵਾਈ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਕਿਸਾਨ ਆਪਣੀ ਜ਼ਮੀਨ ਵਿੱਚ ਜਾਂ ਜ਼ਮੀਨ ਪਟੇ ’ਤੇ ਲੈ ਕੇ ਮੱਛੀ ਪਾਲਣ ਦਾ ਕਿੱਤਾ ਸ਼ੁਰੂ ਕਰ ਸਕਦੇ ਹਨ ਅਤੇ ਇੱਕ ਏਕੜ ਰਕਬੇ ਵਿੱਚੋਂ ਲਗਭਗ 2 ਲੱਖ ਰੁਪਏ ਦਾ ਨਿਰੌਲ ਮੁਨਾਫਾ ਸਹਿਜੇ ਹੀ ਕਮਾ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਮੱਛੀ ਦੀ ਢੋਆ-ਢੁਆਈ ਲਈ ਮੋਟਰਸਾਈਕਲ ਵਿੱਚ ਆਈਸਬਾਕਸ, ਥ੍ਰੀ ਵੀਹਲਰ ਵਿੱਚ ਆਈਸਬਾਕਸ, ਇੰਨਸੂਲੈਟਿਡ ਰੈਫਰੀਜੇਟਰ ਵੈਨ, ਫੀਡ ਮਿੱਲ, ਬਾਇਓਫਲਾਕ,ਆਰ.ਏ.ਐਸ ਆਦਿ ਯੁਨਿਟਾਂ ’ਤੇ ਵੀ ਸਬਸਿਡੀ ਮੁਹੱਈਆ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਸਾਨਾਂ ਨੂੰ ਇਸ ਕਿੱਤੇ ਨੂੰ ਅਪਣਾ ਕੇ ਆਪਣੀ ਆਮਦਨ ਵਿੱਚ ਵਾਧਾ ਕਰਨ ਦੀ ਅਪੀਲ ਕੀਤੀ । ਸਹਾਇਕ ਡਾਇਰੈਕਟਰ ਨੇ ਕੌਮੀ ਮੱਛੀ ਪਾਲਕ ਦਿਵਸ ਦੀ ਮਹੱਤਤਾ ਬਾਰੇ ਵੀ ਜਾਣਕਾਰੀ ਦਿੱਤੀ ਗਈ।
ਮੱਛੀ ਪਾਲਣ ਵਿਭਾਗ ਜਲੰਧਰ ਵੱਲੋਂ ਇਸ ਦਿਵਸ ਨੂੰ ਸਮਰਪਿਤ ਇੱਕ ਰੋਜਾ ਟ੍ਰੇਨਿੰਗ ਕੈਂਪ ਕੇ.ਵੀ.ਕੇ. ਨੂਰਮਹਿਲ ਵਿਖੇ ਵੀ ਲਗਾਇਆ ਗਿਆ, ਜਿਸ ਵਿੱਚ ਲਗਭਗ 50 ਲਾਭਪਾਤਰੀਆ ਨੇ ਭਾਗ ਲਿਆ । ਇਸ ਮੌਕੇ ਸਹਾਇਕ ਡਾਇਰੈਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਮੱਛੀ ਪਾਲਣ ਦੇ ਖੇਤਰ ਵਿੱਚ ਕਿਸਾਨ ਰੰਗ-ਦਾਰ ਮੱਛੀਆ ਦਾ ਕਿੱਤਾ ਵੀ ਅਪਣਾ ਸਕਦੇ ਹਨ। ਅੱਜਕਲ ਲੋਕ ਘਰਾਂ ਵਿੱਚ ਐਕੁਏਰੀਅਮ ਵਿੱਚ ਸਜਾਵਟੀ ਮੱਛੀਆ ਰੱਖਦੇ ਹਨ। ਇਨ੍ਹਾਂ ਸਜਾਵਟੀ ਮੱਛੀਆ ਦਾ ਧੰਦਾ ਕਰਕੇ ਕਿਸਾਨ ਆਪਣੀ ਆਮਦਨ ਵਿੱਚ ਵਾਧਾ ਕਰ ਸਕਦੇ ਹਨ। ਟ੍ਰੇਨਿੰਗ ਕੈਂਪ ਵਿੱਚ ਡਾ. ਖੁਸ਼ਵੀਰ ਸਿੰਘ ਸਹਾਇਕ ਪ੍ਰੋਫੈਸਰ ਕਾਲਜ ਆਫ ਫਿਸ਼ਰੀਜ਼, ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਿਜ਼ ਯੂਨੀਵਰਸਟੀ ਲੁਧਿਆਣਾ ਨੇ ਸਜਾਵਟੀ ਮੱਛੀਆ ਦੇ ਰੱਖ- ਰਖਾਅ ਬਰੀਡਿੰਗ ਅਤੇ ਸਾਭ- ਸੰਭਾਲ ਤੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਇਸ ਮੌਕੇ ਸੀਨੀਅਰ ਮੱਛੀ ਪਾਲਣ ਅਫਸਰ ਸ਼ੁਭਵੰਤ ਕੌਰ, ਮੱਛੀ ਪਾਲਣ ਅਫਸਰ ਅਮਰਜੀਤ ਸਿੰਘ ਅਤੇ ਮੱਛੀ ਪਾਲਣ ਵਿਭਾਗ ਦੇ ਹੋਰ ਕਰਮਚਾਰੀ ਵੀ ਮੌਜੂਦ ਸਨ।

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top