ਪਟਿਆਲਾ ਜ਼ਿਲ੍ਹੇ ਦੀ ਪਾਤੜਾਂ ਤਹਿਸੀਲ ’ਚ ਪੰਜਾਬ ਹਰਿਆਣਾ ਦੀ ਹੱਦ ’ਤੇ ਕਿਸਾਨ ਦੇ 21 ਫਰਵਰੀ 2024 ਨੂੰ ਸਿਰ ’ਚ ਗੋਲ਼ੀ ਲੱਗਣ ਕਾਰਨ ਮੌਤ ਦੇ ਮੂੰਹ ਪਏ 22 ਸਾਲਾ ਕਿਸਾਨ ਸ਼ੁਭਕਰਨ ਸਿੰਘ ਦੀ ਮ੍ਰਿਤਕ ਦੇਹ ਦਾ ਪੋਸਟ ਮਾਰਟਮ ਭਾਵੇਂ 29 ਫਰਵਰੀ ਦੀ ਰਾਤ ਨੂੰ ਕਰ ਦਿੱਤਾ ਗਿਆ ਸੀ. ਪਰ ਅਜੇ ਅਧਿਕਾਰਤ ਤੌਰ ’ਤੇ ਪੋਸਟਮਾਰਟਮ ਦੀ ਰਿਪੋਰਟ ਨਸ਼ਰ ਨਹੀਂ ਕੀਤੀ ਗਈ। ਜਿਸ ਤੋਂ ਇਹ ਗੱਲ ਸਾਫ਼ ਹੋ ਜਾਂਦੀ ਹੈ ਕਿ ਸ਼ੁਭਕਰਨ ਦੀ ਮੌਤ ਦਾ ਕਾਰਨ ਰਬੜ ਦੀ ਗੋਲ਼ੀ ਨਹੀਂ ਸੀ .ਕਿਉਂਕਿ ਉਸ ਦੇ ਸਿਰ ਵਿਚੋਂ ਧਾਤ ਦੇ ਕਈ ਛੱਰ੍ਹੇ ਮਿਲੇ ਹਨ.। ਜਦੋਂ ਕਿ ਰਬੜ ਦੀ ਗੋਲ਼ੀ ’ਚ ਇਹ ਨਹੀਂ ਹੁੰਦੇ।
ਆਲ੍ਹਾ ਮਿਆਰੀ ਸੂਤਰਾਂ ਮੁਤਾਬਿਕ ਸ਼ੁਭਕਰਨ ਦੇ ਪੋਸਟਮਾਰਟਮ ਦੀ ਰਿਪੋਰਟ ’ਚ ਮੌਤ ਦਾ ਕਾਰਨ ‘ਗੰਨ ਇੰਜਰੀ’ ਦਰਸਾਇਆ ਗਿਆ ਹੈ। ਜਾਣਕਾਰੀ ਅਨੁਸਾਰ ਨੌਜਵਾਨ ਦੀ ਮੌਤ ਮੌਕੇ ’ਤੇ ਹੀ ਹੋ ਗਈ ਸੀ। ਰਾਜਿੰਦਰਾ ਹਸਪਤਾਲ ਵੱਲੋਂ ਪੋਸਟਮਾਰਟਮ ਰਿਪੋਰਟ ਛੱਰ੍ਹਿਆਂ ਸਮੇਤ ਸਥਾਨਕ ਪੁਲੀਸ ਨੂੰ ਸੌਂਪ ਦਿਤੀ ਗਈ ਹੈ। ਇਹ ਛੱਰ੍ਹੇ ਆਖਰ ਕਿਹੜੇ ਹਥਿਆਰ ਦੇ ਹਨ, ਇਸ ਸਬੰਧੀ ਸਥਿਤੀ ਸਪੱਸ਼ਟ ਕਰਨ ਦਾ ਅਧਿਕਾਰ ਹੁਣ ਪੁਲੀਸ ਦਾ ਹੈ। ਅਜਿਹੀ ਸਮੱਗਰੀ ਨੂੰ ਜਾਂਚ ਲਈ ਫਿਲੌਰ ਅਕੈਡਮੀ ਜਾਂ ਮੁਹਾਲੀ ਸਥਿਤ ਸੂਬਾਈ ਲੈਬ ਵਿਚ ਭੇਜਿਆ ਜਾਂਦਾ ਹੈ। ਇਨ੍ਹਾਂ ਛਰ੍ਹਿਆਂ ਦੇ ਡਾਇਆਮੀਟਰ ਦਾ ਪਤਾ ਲੱੱਗਣ ’ਤੇ ਹੀ ਅਧਿਕਾਰਤ ਤੌਰ ’ਤੇ ਸਪੱਸ਼ਟ ਹੋਵੇਗਾ ਕਿ ਇਹ ਛਰ੍ਹੇ ਕਿਹੜੀ ਗੰਨ ਦੇ ਹਨ।
ਇਸੇ ਦੌਰਾਨ ਪਟਿਆਲਾ ਸਥਿਤ ਬਾਜਵਾ ਗੰਨ ਹਾਊਸ ਦੇ ਮਾਲਕ ਲਖਵਿੰਦਰ ਸਿੰਘ ਬਾਜਵਾ ਨਾਲ਼ ਜਦੋਂ ਹਥਿਆਰਾਂ ਦੇ ਮਾਹਿਰ ਵਜੋਂ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਪਿਸਤੌਲ ਅਤੇ ਰਿਵਾਲਵਰ ਦਾ ਫਾਇਰ ਇਕਹਿਰ ਹੁੰਦਾ ਹੈ। ਜਦਕਿ ਬਾਰਾਂ ਬੋਰ ਦੇ ਕਾਰਤੂਸ ਵਿਚ ਧਾਤ ਦੇ ਸੌ ਦੇ ਕਰੀਬ ਛਰ੍ਹੇ ਹੁੰਦੇ ਹਨ। ਬਾਰਾਂ ਬੋਰ ਦਾ ਕਾਰਤੂਸ ਇੱਕ ਤੋਂ ਲੈ ਕੇ ਅੱਠ ਨੰਬਰ ਤੱਕ ਹੁੰਦਾ ਹੈ। ਇੱਕ ਨੰਬਰ ਸਭ ਤੋਂ ਮੋਟੇ ਅਤੇ ਅੱਠ ਨੰਬਰ ਸਭ ਤੋਂ ਛੋਟੇ ਛਰ੍ਹਿਆਂ ਵਾਲਾ ਹੁੰਦਾ ਹੈ। ਇਸ ਤਰ੍ਹਾਂ ਸ਼ੁਭਕਰਨ ਦੇ ਸਿਰ ਵਿਚੋਂ ਮਿਲੇ ਛਰ੍ਹਿਆਂ ਦੇ ਹਵਾਲੇ ਨਾਲ ਉਸ ਦੇ ਸਿਰ ’ਚ ਬਾਰਾਂ ਬੋਰ ਦਾ ਫਾਇਰ ਵੱਜੇ ਹੋਣ ਦਾ ਖਦਸ਼ਾ ਹੈ। ਉਧਰ ਇੱਕ ਪੁਲੀਸ ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ ਕਿ ਭੀੜ ਨੂੰ ਤਿੱਤਰ ਬਿੱਤਰ ਕਰਨ ਲਈ ਪੁਲੀਸ ਵੱਲੋਂ ਬਾਰਾਂ ਬੋਰ ਦੇ ਅੱਠ ਨੰਬਰ ਕਾਰਤੂਸ ਦੀ ਵਰਤੋਂ ਕੀਤੀ ਜਾਂਦੀ ਹੈ। ਕਿਉਂਕਿ ਇਸ ਦੇ ਛਰ੍ਹੇ ਛੋਟੇ ਹੋਣ ਕਾਰਨ ਮੌਤ ਦਾ ਖਦਸ਼ਾ ਘੱਟ ਰਹਿੰਦਾ ਹੈ ਮੌਤ ਵੀ ਹੋ ਸਕਦੀ ਹੈ, ਜੇਕਰ ਅਜਿਹ ਫਾਇਰ ਨੇੜਿਉਂ ਲੱਗ ਜਾਵੇ।

















































