ਫਿਰੋਜਪੁਰ ਇੱਕ ਐਡੀਸ਼ਨਲ ਸ਼ੈਸ਼ਨ ਜੱਜ ਸਾਹਿਬਾ ਬੱਸ ਰਾਹੀਂ ਆਇਆ ਜਾਇਆ ਕਰਦੇ ਸਨ। ਜੱਜ ਸਾਹਿਬਾ ਹੁੰਦੇ ਵੀ ਬਹੁਤ ਸੋਹਣੇ ਸਨ। ਕੁਦਰਤ ਦਾ ਸ਼ਾਹਕਾਰ ਹੀ ਕਹਿ ਲਵੋ । ਦੂਜਾ ਜੱਜ ਸਾਹਿਬਾ ਦੀ ਬੋਲਬਾਣੀ ਵੀ ਪਿਉਰ ਪੇਂਡੂ ਮਝੈਲ ਜੱਟੀਆਂ ਵਾਲੀ ਸੀ। ਹਰ ਆਮ ਖਾਸ ਨਾਲ ਬੱਸ ਚੋਂ ਘੁਲ ਮਿਲ ਜਾਂਦੇ ਸੀ ਕਿਸੇ ਨੂੰ ਮਹਿਸੂਸ ਨਹੀਂ ਹੁੰਦਾ ਸੀ ਕਿ ਨਾਲ ਬੈਠੀ ਸਵਾਰੀ ਕਿਸੇ ਜਿਲੇ ਦੀ ਸ਼ੈਸ਼ਨ ਜੱਜ ਵੀ ਹੋ ਸਕਦੀ ਹੈ।
ਇੱਕ ਦਿਨ ਉਹ ਜਿਸ ਬੱਸ ਤੇ ਰੁਟੀਨ ਵਾਈਜ ਅੰਬਰਸਰੋਂ ਆਉਂਦੇ ਸੀ ਚੜ੍ਹ ਗਏ ।ਕੁਦਰਤੀ ਉਹ ਬੱਸ ਦਾ ਡਰੈਵਰ ਬਦਲਿਆ ਸੀ ਉਸ ਦਿਨ ਉਹਦੀ ਮਾੜੀ ਕਿਸਮਤ ਜੱਜ ਸਾਹਿਬਾ ਵੀ ਮੂਹਰੇ ਬੈਠ ਗਏ ਡਰੈਵਰ ਸੀਟ ਵਾਲੇ ਪਾਸੇ ਦੂਜੀ ਤੀਜੀ ਸੀਟ ਤੇ। ਬੱਸ ਫਿਰ ਕੀ ਸੀ ਸੋਹਣੀ ਸਵਾਰੀ ਵੇਖ ਕੇ ਡਰੈਵਰ ਭਾਊ ਨੇ ਵੀ ਕੰਮ ਸ਼ੁਰੂ ਕਰਤਾ। ਗੱਡ ਲੀ ਅੱਖ ਸ਼ੀਸ਼ੇ ਚੋਂ ਤੇ ਜਿਉਂ ਲੱਗਾ ਅੰਬਰਸਰੋਂ ਟਰਾਈਆਂ ਮਾਰਣ। ਜੱਜ ਸਾਹਿਬਾ ਨੇ ਸਮਝ ਲਿਆ ਕਿ ਭਾਊ ਮੱਛਰ ਗਿਆ। ਜੱਜ ਸਾਹਿਬਾ ਵੀ ਕਿਤੇ ਕੁਦਰਤੀ ਹੱਸ ਪਏ ਭਾਊ ਕਹਿੰਦਾ ‘ਗੱਲ ਬਣਗੀ।’
ਹਰੀਕੇ ਆਕੇ ਬੱਸ 2 ਕੁ ਮਿੰਟ ਰੁਕਦੀ ਹੁੰਦੀ ਸੀ। ਡਰੈਵਰ ਭਾਊ ਨੇ ਪਰਚੀ ਤੇ ਨੰਬਰ ਲਿਖ ਕੇ ਹੇਠਾਂ ਉਤਰ ਸ਼ੀਸ਼ੇ ਦੀ ਬਾਰੀ ਥਾਣੀ ਜੱਜ ਸਾਹਿਬਾ ਦੀ ਝੋਲੀ ਚੋਂ ਮਾਰਿਆ ਤੇ ਆਪ ਵਾਜਾਂ ਮਾਰਣ ਲੱਗ ਪਿਆ, ਜੀਰਾ ਫਿਰੋਜਪੁਰ, ਜੀਰਾ ਫਿਰੋਜਪੁਰ ਗੱਲ ਮੁਕਦੀ ਭਾਊ ਬੱਸ ਚੋਂ ਅਨੰਦ ਕਾਰਜ ਕਰਾਉਣ ਨੂੰ ਫਿਰੇ। ਜਿਵੇਂ ਕਿਵੇਂ ਬੱਸ ਫਿਰੋਜਪੁਰ ਪਹੁੰਚ ਗਈ। ਅੱਗੋਂ ਜੱਜ ਸਾਹਿਬ ਦੇ ਗੰਨਮੈਣ ਵੀ ਜੱਜ ਸਾਹਿਬ ਨੂੰ ਲੈਣ ਲਈ ਖੜੇ ਸੀ। ਜਦੋਂ ਬੱਸ ਖੜੀ ਤਾਂ ਗੰਨਮੈਣ ਭੱਜਕੇ ਬੱਸ ਚੜਿਆ ਜੱਜ ਸਾਹਿਬਾ ਦਾ ਸਮਾਨ ਵਗੈਰਾ ਫੜਨ ਲਈ ਤਾਂ ਜਦੋਂ ਡਰੈਵਰ ਨੇ ਦੇਖਿਆ ਕਿ ਬੀਬੀ ਤਾਂ ਕੋਈ ਅਫਸਰ ਲੱਗਦੀ ਹੈ ਡਰੈਵਰ ਨੂੰ ਵੀ ਝਣਕਾਰੇ ਜਿਹੇ ਪੈਣ ਲੱਗੇ ਕਿ ਕੰਮ ਕਿਤੇ ਪੁਠਾ ਤਾਂ ਨਹੀਂ ਕਰ ਲਿਆ ਦਵਾ ਦਵ ਉੱਤਰ ਕੇ ਬਾਹਰ ਆਇਆ ਤੇ ਉੱਧਰੋਂ ਜੱਜ ਸਾਹਿਬਾ ਵੀ ਗੱਡੀ ਕੋਲ ਆਕੇ ਕਹਿੰਦੇ ‘ਅੱਡਾ ਇੰਚਾਰਜ ਸੱਦੋ।’
ਜੱਜ ਸਾਹਿਬਾ ਅੱਡਾ ਇੰਚਾਰਜ ਨੂੰ ਕਹਿੰਦੇ ‘ਆਹ ਡਰਾਈਵਰ ਨੂੰ ਪੇਸ਼ ਕਰੋ ਅਦਾਲਤ ‘ਚ ਮੇਰੇ ਬੈਠਦੇ ਹੀ।’
ਬੱਸ ਫਿਰ ਕੀ ਸੀ ਭਾਊ ਨੂੰ ਵੀ ਆਉਣ ਤਰੇਲੀਆਂ।
ਮੁਕਦੀ ਗੱਲ ਡਰੈਵਰ ਪੇਸ਼ ਹੋਇਆ ਤਾਂ ਜੱਜ ਸਾਹਿਬਾ ਕਹਿੰਦੇ ‘ਹੁਣ ਮੈਨੂੰ ਉਵੇਂ ਹੀ ਦੇਖ ਜਿਵੇਂ ਬੱਸ ਚੋਂ ਦੇਖਦਾ ਸੀ ਤੇ ਉਵੇਂ ਮੁੱਛਾਂ ਸਵਾਰ ਤੇ ਉਵੇਂ ਇਸ਼ਾਰੇ ਕਰ।’
ਡਰੈਵਰ ਲੰਮਾਂ ਪੈ ਗਿਆ ਜਿਵੇਂ ਨੌਂ ਗਜੇ ਪੀਰ ਦੇ ਮਸਤ ਪਏ ਹੁੰਦੇ ਨੇ। ਕਹਿੰਦਾ ‘ਬੱਚਿਆਂ ਵਾਲਿਉ ਗਲਤੀ ਹੋਗੀ ਬਖਸ਼ ਲਉ ਪਰ ਬੱਸ ਵਾਲੀ ਗੱਲ ਨਹੀਂ ਹੋਣੀ ਮੇਰੇ ਤੋਂ।’ ਕਹਿੰਦਾ ‘ਜੀ ਸਜਾ ਜੋ ਮਰਜੀ ਦੇ ਦਿਉ ਪਰ ਬੱਸ ਤੇ ਨਾਂ ਆਇਆ ਕਰੋ ਨਹੀਂ ਤਾਂ ਅੰਬਰਸਰ ਡੀਪੂ ਆਲੇ ਤਾਂ ਪੇਸ਼ੀਆਂ ਈ ਭੁਗਤਿਆ ਕਰਣਗੇ।’

















































