ਜਲੰਧਰ, 22 ਨਵੰਬਰ – ਸਿਹਤ ਐਮਰਜੈਂਸੀ ਅਤੇ ਹਾਦਸਿਆਂ ਵਿੱਚ ਜਾਣ ਵਾਲੀਆਂ ਕੀਮਤੀ ਜਾਨਾਂ ਨੂੰ ਬਚਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਦੀ ਨਿਵੇਕਲੀ ਪਹਿਲਕਦਮੀ ‘ਚੇਤਨਾ’ ਪ੍ਰਾਜੈਕਟ ਤਹਿਤ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ‘ਲਾਈਫ਼ ਸੇਵਿੰਗ ਸਕਿੱਲਜ਼’ ਦੀ ਸਿਖ਼ਲਾਈ ਪ੍ਰਦਾਨ ਕੀਤੀ ਜਾ ਰਹੀ ਹੈ।
ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਪ੍ਰਾਜੈਕਟ ਦਾ ਮਕਸਦ ਵਿਦਿਆਰਥੀਆਂ ਨੂੰ ਸਿਹਤ ਐਮਰਜੈਂਸੀ ਅਤੇ ਦੁਰਘਟਨਾ ਦੌਰਾਨ ਡਾਕਟਰ ਕੋਲ ਪਹੁੰਚਣ ਤੋਂ ਪਹਿਲਾਂ ਮਰੀਜ਼/ਜ਼ਖਮੀ ਦੀ ਜਾਨ ਕਿਵੇਂ ਬਚਾਈ ਜਾ ਸਕਦੀ ਹੈ, ਦੇ ਢੰਗ ਤਰੀਕਿਆਂ ਬਾਰੇ ਸਿਖ਼ਲਾਈ ਦੇਣਾ ਹੈ ਤਾਂ ਜੋ ਕੀਮਤੀ ਜਾਨਾਂ ਬਚਾਈਆਂ ਜਾ ਸਕਣ।
ਉਨ੍ਹਾਂ ਦੱਸਿਆ ਕਿ ਇਸ ਪ੍ਰਾਜੈਕਟ ਤਹਿਤ 14 ਸਾਲ ਤੋਂ ਵੱਧ ਉਮਰ ਦੇ ਵਿਦਿਆਰਥੀਆਂ ਨੂੰ ਸਿਖ਼ਲਾਈ ਪ੍ਰਦਾਨ ਕੀਤੀ ਜਾ ਰਹੀ ਹੈ, ਜਿਸ ਵਿੱਚ ਉਨ੍ਹਾਂ ਨੂੰ ਕਾਰਡੀਓਜਨਿਕ ਸ਼ਾਕ, ਨਿਊਰੋਲੋਜੀਕਲ ਸ਼ਾਕ, ਦੌਰੇ, ਸੜਕ ਹਾਦਸੇ, ਖੂਨ ਵਹਿ ਜਾਣ, ਸੱਪ ਦੇ ਡੰਗਣ, ਕੁੱਤੇ ਦੇ ਵੱਢਣ, ਡੁੱਬਣ, ਸੜਨ/ਝੁਲਸਣ ਵਰਗੀਆਂ ਘਟਨਾਵਾਂ ਮੌਕੇ ਪੀੜਤਾਂ ਨੂੰ ਦਿੱਤੀ ਜਾਣ ਵਾਲੀ ਮੁੱਢਲੀ ਸਹਾਇਤਾ ਸਬੰਧੀ ਟ੍ਰੇਨਿੰਗ ਕਰਵਾਈ ਜਾ ਰਹੀ ਹੈ।
ਡਾ. ਅਗਰਵਾਲ ਨੇ ਦੱਸਿਆ ਕਿ ਇਸ ਪ੍ਰਾਜੈਕਟ ਤਹਿਤ ਅੱਜ ਏ.ਪੀ.ਜੇ. ਸਕੂਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੂਦੋਵਾਲ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਾਰਗੋ ਕੈਂਪ ਵਿਖੇ ਵਿਦਿਆਰਥੀਆਂ ਨੂੰ ਸਿਖ਼ਲਾਈ ਦਿੱਤੀ ਗਈ ਹੈ ਅਤੇ ਆਉਣ ਵਾਲੇ ਦਿਨਾਂ ’ਚ ਜ਼ਿਲ੍ਹੇ ਦੇ ਹੋਰਨਾਂ ਸਕੂਲਾਂ ਨੂੰ ਵੀ ਇਸ ਪ੍ਰਾਜੈਕਟ ਤਹਿਤ ਕਵਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹੁਣ ਤੱਕ ਵੱਖ ਵੱਖ ਸਕੂਲਾਂ ਦੇ 2 ਹਜ਼ਾਰ ਵਿਦਿਅਰਥੀਆਂ ਨੂੰ ਟ੍ਰੇਨਿੰਗ ਦਿੱਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਐਮਰਜੈਂਸੀ ਹਾਲਾਤ ਵਿੱਚ ਪਹਿਲੇ ਕੁਝ ਘੰਟਿਆਂ ਵਿੱਚ ਥੋੜੀ ਜਿਹੀ ਸਿਆਣਪ ਤੇ ਹੁਸ਼ਿਆਰੀ ਨਾਲ ਕਿਸੇ ਦੀ ਕੀਮਤੀ ਜਾਨ ਬਚਾਅ ਜਾ ਸਕਦੀ ਹੈ।
ਜ਼ਿਕਰਯੋਗ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਕੱਤਰ ਇੰਦਰਪਾਲ ਸਿੰਘ ਦੀ ਅਗਵਾਈ ਵਿੱਚ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਰਾਹੀਂ ਚੇਤਨਾ ਪ੍ਰਾਜੈਕਟ ਤਹਿਤ ਅਧਿਆਪਕਾਂ ਨੂੰ ਵੀ ‘ਲਾਈਫ ਸੇਵਿੰਗ ਸਕਿੱਲਜ਼’ ਦੀ ਸਿਖ਼ਲਾਈ ਪ੍ਰਦਾਨ ਕੀਤੀ ਜਾ ਰਹੀ ਹੈ।
———
- +91 99148 68600
- info@livepunjabnews.com