ਜਲੰਧਰ 4 ਜੁਲਾਈ : ਜ਼ਿਲ੍ਹਾ ਜਲੰਧਰ ਨੇ ਇਕ ਮਹੱਤਵਪੂਰਣ ਸਫ਼ਲਤਾ ਹਾਸਿਲ ਕਰਦਿਆਂ ਨੀਤੀ ਆਯੋਗ ਦੇ ਐਸਪੀਰੇਸ਼ਨਲ ਬਲਾਕਸ ਪ੍ਰੋਗਰਾਮ (ਏ.ਬੀ.ਪੀ.) ਤਹਿਤ ਦੇਸ਼ (ਜ਼ੋਨ II) ਵਿੱਚ ਪਹਿਲਾ ਇਨਾਮ ਹਾਸਿਲ ਕੀਤਾ ਹੈ, ਜਿਸ ਤਹਿਤ ਬਲਾਕ ਸ਼ਾਹਕੋਟ ਨੇ ਇਸ ਪ੍ਰਾਜੈਕਟ ਅਧੀਨ ਪ੍ਰਮੁੱਖ ਮਾਪਦੰਡਾਂ ਨੂੰ ਹੋਰ ਬਿਹਤਰ ਬਣਾਉਣ ਲਈ 1.5 ਕਰੋੜ ਰੁਪਏ ਦੀ ਵਿਕਾਸ ਗ੍ਰਾਂਟ ਪ੍ਰਾਪਤ ਕੀਤੀ ਹੈ।
ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਨੀਤੀ ਆਯੋਗ ਦੇ ਅਧਿਕਾਰੀਆਂ ਨਾਲ ਵੀਡੀਓ ਕਾਨਫਰੰਸ ਦੌਰਾਨ ਉਨ੍ਹਾਂ ਨੂੰ ਜ਼ਿਲ੍ਹੇ ਦੀਆਂ ਪ੍ਰਾਪਤੀਆਂ ਬਾਰੇ ਦੱਸਿਆ, ਜਿਸ ਵਿੱਚ ਮੁੱਖ ਮਾਪਦੰਡਾਂ ਦੇ ਆਧਾਰ ’ਤੇ ਸ਼ਾਹਕੋਟ ਬਲਾਕ ਦੇ ਪ੍ਰਦਰਸ਼ਨ ਨੂੰ ਉੱਚਾ ਚੁੱਕਣ ਲਈ ਕੀਤੇ ਗਏ ਉਪਰਾਲਿਆਂ ਤੋਂ ਜਾਣੂ ਕਰਵਾਇਆ। ਇਸ ਤੋਂ ਬਾਅਦ ਸ਼ਾਹਕੋਟ ਬਲਾਕ ਨੂੰ ਅਧਿਕਾਰਤ ਤੌਰ ‘ਤੇ ਦੇਸ਼ (ਜ਼ੋਨ II) ਵਿੱਚ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲਾ ਬਲਾਕ ਘੋਸ਼ਿਤ ਕੀਤਾ ਗਿਆ।
ਡਾ.ਅਗਰਵਾਲ ਨੇ ਕਿਹਾ ਕਿ ਇਹ ਐਵਾਰਡ ਰਾਸ਼ੀ ਬਲਾਕ ਵਿੱਚ ਵੱਖ-ਵੱਖ ਖੇਤਰਾਂ ਜਿਵੇਂ ਸਿਹਤ, ਸਿੱਖਿਆ, ਪੋਸ਼ਣ, ਖੇਤੀਬਾੜੀ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ’ਤੇ ਖ਼ਰਚ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਸ਼ਾਹਕੋਟ ਬਲਾਕ ਨੂੰ ‘ਐਸਪੀਰੇਸ਼ਨਲ ਬਲਾਕ’ ਤੋਂ ‘ਇੰਸਪੀਰੇਸ਼ਨਲ ਬਲਾਕ’ ਵਿੱਚ ਤਬਦੀਲ ਕਰਨ ਲਈ ਵਚਨਬੱਧ ਹੈ।
ਡਿਪਟੀ ਕਮਿਸ਼ਨਰ ਨੇ ਇਸ ਸਫ਼ਲਤਾ ਦਾ ਸਿਹਰਾ ਪਿਛਲੇ ਕੁਝ ਮਹੀਨਿਆਂ ਦੌਰਾਨ ਸ਼ਾਹਕੋਟ ਵਿੱਚ ਕੀਤੀਆਂ ਗਈਆਂ ਕਈ ਪਹਿਲਕਦਮੀਆਂ ਨੂੰ ਦਿੱਤਾ, ਜਿਸ ਦੇ ਸਿੱਟੇ ਵਜੋਂ ਪ੍ਰਦਰਸ਼ਨ ਸੂਚਕਾਂ ਵਿੱਚ ਕਾਫ਼ੀ ਸੁਧਾਰ ਹੋਇਆ। ਇਨ੍ਹਾਂ ਯਤਨਾਂ ਵਿੱਚ ਬੀਪੀ, ਸ਼ੂਗਰ ਦੇ ਮਰੀਜ਼ਾਂ ਦੀ ਜਾਂਚ ਯਕੀਨੀ ਬਣਾਉਣਾ, ਪੋਸ਼ਣ ਬਗੀਚੀਆਂ ਦੀ ਸਥਾਪਨਾ, ਅਨੀਮੀਆ ਦਾ ਖਾਤਮਾ, ਕਿਸਾਨ ਉਤਪਾਦਕ ਸੰਗਠਨਾਂ ਨੂੰ ਮਜ਼ਬੂਤ ਕਰਨਾ, ਸਾਇਲ ਹੈਲਥ ਕਾਰਡਾਂ ਦੀ ਸੌ ਫੀਸਦੀ ਕੁਲੈਕਸ਼ਨ, ਸਿਹਤ ਸੇਵਾਵਾਂ, ਸਕੀਮਾਂ ਦੀ ਨਿਗਰਾਨੀ, ਸਥਾਨਕ ਲੋਕਾਂ ਦੀ ਭਾਗੀਦਾਰੀ ਵਧਾਉਣਾ ਅਤੇ ਯੋਜਨਾਬੱਧ ਤਰੀਕੇ ਨਾਲ ਸਮੱਸਿਆਵਾਂ ਦਾ ਹੱਲ ਕਰਨਾ ਸ਼ਾਮਿਲ ਹੈ।
ਡਾ. ਅਗਰਵਾਲ ਨੇ ਪੰਜਾਬ ਸਰਕਾਰ ਦਾ ਵੀ ਧੰਨਵਾਦ ਕੀਤਾ, ਜਿਸ ਦੀ ਨਿਰੰਤਰ ਅਗਵਾਈ ਅਤੇ ਸਹਿਯੋਗ ਸਦਕਾ ਸ਼ਾਹਕੋਟ ਇਸ ਸਫ਼ਲਤਾ ਨੂੰ ਪ੍ਰਾਪਤ ਕਰਨ ਵਿੱਚ ਕਾਮਯਾਬ ਹੋਇਆ। ਇਸੇ ਤਰ੍ਹਾਂ ਉਨ੍ਹਾਂ ਜਲੰਧਰ ਪ੍ਰਸ਼ਾਸਨ ਦੇ ਅਧਿਕਾਰੀਆਂ/ਕਰਮਚਾਰੀਆਂ ਦੇ ਟੀਮ ਵਰਕ ਦੀ ਵੀ ਸ਼ਲਾਘਾ ਕੀਤੀ, ਜਿਸ ਦੀ ਬਦੌਲਤ ਇਹ ਸਾਰਥਕ ਨਤੀਜਾ ਸਾਹਮਣੇ ਆ ਸਕਿਆ।
ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਵੱਲੋਂ 7 ਜਨਵਰੀ, 2023 ਨੂੰ ਮੁੱਖ ਸਕੱਤਰਾਂ ਦੇ ਦੂਜੇ ਰਾਸ਼ਟਰੀ ਸੰਮੇਲਨ ਦੌਰਾਨ ਐਸਪੀਰੇਸ਼ਨਲ ਬਲਾਕਸ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਸੀ। ਇਸ ਪ੍ਰੋਗਰਾਮ ਦਾ ਮੁੱਖ ਮੰਤਵ ਦੇਸ਼ ਦੇ ਸਭ ਤੋਂ ਦੂਰ-ਦੁਰਾਡੇ ਅਤੇ ਪਛੜੇ ਬਲਾਕਾਂ ਵਿੱਚ ਪ੍ਰਸ਼ਾਸਨ ਨੂੰ ਹੋਰ ਬਿਹਤਰ ਬਣਾਉਣਾ ਅਤੇ ਜੀਵਨ ਦੀ ਗੁਣਵੱਤਾ ਨੂੰ ਵਧਾਉਣਾ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਸਫ਼ਲਤਾ ਅਧਿਕਾਰੀਆਂ/ਕਰਮਚਾਰੀਆਂ ਨੂੰ ਸ਼ਾਹਕੋਟ ਅਤੇ ਜਲੰਧਰ ਜ਼ਿਲ੍ਹੇ ਦੇ ਹੋਰ ਖੇਤਰਾਂ ਵਿੱਚ ਵੀ ਸਕਾਰਾਤਮਕ ਤਬਦੀਲੀ ਲਿਆਉਣ ਲਈ ਨਵੀਨਤਾਕਾਰੀ ਅਤੇ ਨਾਗਰਿਕ ਕੇਂਦਰਿਤ ਪ੍ਰਸ਼ਾਸਨ ਮੁਹੱਈਆ ਕਰਵਾਉਣ ਲਈ ਪ੍ਰੇਰਿਤ ਕਰੇਗੀ।
