ਚੰਡੀਗੜ੍ਹ ਨਵੰਬਰ 2024- ਪੰਜਾਬ ਵਿਜੀਲੈਂਸ ਬਿਊਰੋ ਨੇ ਪੰਜਾਬ ਗਰਾਂਮੀਣ ਬੈਂਕ ਦੀ ਪਿੰਡ ਭਾਣੋਲੰਗਾ ਜਿਲਾ ਕਪੂਰਥਲਾ ਸਥਿਤ ਸ਼ਾਖ਼ਾ ਵਿੱਚ 34,92,299 ਰੁਪਏ ਦੀ ਹੇਰਾਫੇਰੀ ਕਰਨ ਸਬੰਧੀ ਬੈਂਕ ਦੇ ਸਾਬਕਾ ਮੈਨੇਜਰ ਦੋਸ਼ੀ ਪ੍ਰਮੋਦ ਕੁਮਾਰ, ਵਾਸੀ ਪਿੰਡ ਕੁੰਡਲ, ਜਿਲਾ ਬੀਕਾਨੇਰ ਰਾਜਸਥਾਨ ਨੂੰ ਗ੍ਰਿਫਤਾਰ ਕੀਤਾ ਹੈ ਜੋ ਸਾਲ 2022 ਤੋਂ ਫਰਾਰ ਚੱਲ ਰਿਹਾ ਸੀ।
ਇਹ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13 (2) ਅਤੇ ਆਈ.ਪੀ. ਸੀ. ਦੀ ਧਾਰਾ 409 ਤਹਿਤ ਥਾਣਾ ਸਦਰ ਜਿਲਾ ਕਪੂਰਥਲਾ ਵਿੱਚ ਦਰਜ ਮੁਕੱਦਮਾ ਨੰ: 58 ਮਿਤੀ 30/05/2022 ਵਿੱਚ ਉਕਤ ਦੋਸ਼ੀ ਪ੍ਰਮੋਦ ਕੁਮਾਰ, ਸਾਬਕਾ ਮੈਨੇਜਰ, ਲੋੜੀਂਦਾ ਸੀ। ਇਸ ਮੈਨੇਜਰ ਨੇ ਪੰਜਾਬ ਗਰਾਂਮੀਣ ਬੈਂਕ ਪਿੰਡ ਭਾਣੋਲੰਗਾ ਵਿਖੇ ਆਪਣੀਂ ਤਾਇਨਾਤੀ ਦੌਰਾਨ ਆਪਣੇ ਅਹੁਦੇ ਦੀ ਦੁਰਵਰਤੋਂ ਕਰਕੇ ਆਪਣੀ ਬਰਾਂਚ ਵਿੱਚ ਤਾਇਨਾਤ ਕਲਰਕ ਜਗਦੀਸ਼ ਸਿੰਘ ਅਤੇ ਕਲਰਕ ਰਜਨੀ ਬਾਲਾ ਦੀ ਬੈਂਕ ਵਿੱਚ ਵਰਤੀ ਜਾਣ ਵਾਲੀ ਯੂਜਰ ਆਈ-ਡੀ ਅਤੇ ਪਾਸਵਰਡ ਦੀ ਦੁਰਵਰਤੋਂ ਕਰਦਿਆਂ ਆਪਣੇ ਹੀ ਬੈਂਕ ਦੇ ਵੱਖ-ਵੱਖ ਕੁੱਲ 12 ਖਾਤਾ ਧਾਰਕਾਂ ਦੇ ਵੱਖ-ਵੱਖ ਬੈਂਕ ਖਾਤਿਆਂ ਵਿਚੋਂ ਵੱਖ-ਵੱਖ ਤਾਰੀਖਾਂ ਨੂੰ 26 ਟਰਾਂਸਜੈਕਸਨਾਂ ਰਾਹੀਂ ਕੁੱਲ 34,92,299 ਰੁਪਏ ਹੇਰਾਫੇਰੀ ਨਾਲ ਕਢਵਾ ਕੇ ਧੋਖਾਧੜੀ ਕਰਕੇ ਗਬਨ ਕੀਤਾ ਸੀ ਅਤੇ ਫਿਰ ਇਸ ਰਕਮ ਵਿਚੋਂ 8,16,023 ਰੁਪਏ ਵੱਖ-ਵੱਖ 05 ਖਾਤਾ ਧਾਰਕਾਂ ਦੇ ਵੱਖ-ਵੱਖ ਬੈਂਕ ਖਾਤਿਆਂ ਵਿੱਚ ਵਾਪਸ ਜਮਾਂ ਕਰਵਾਉਣ ਕਰਕੇ ਜਾਂਚ ਦੌਰਾਨ ਉਸ ਖ਼ਿਲਾਫ਼ ਦੋਸ਼ ਸਾਬਤ ਹੋਣ ਤੇ ਉਕਤ ਮੁਕੱਦਮਾ ਦਰਜ ਹੋਇਆ ਸੀ ਅਤੇ ਇਹ ਮੁਕੱਦਮਾ ਵਿਜੀਲੈਂਸ ਬਿਊਰੋ ਨੂੰ ਤਬਦੀਲ ਕਰ ਦਿੱਤਾ ਗਿਆ ਸੀ।
ਉਕਤ ਦੋਸ਼ੀ ਪ੍ਰਮੋਦ ਕੁਮਾਰ ਨੂੰ ਗ੍ਰਿਫਤਾਰ ਕਰਨ ਲਈ ਖੁਫੀਆ ਸਰੋਤਾਂ ਤੋਂ ਪਤਾ ਲਗਾ ਕੇ ਉਸਨੂੰ ਉਸਦੇ ਜੱਦੀ ਪਿੰਡ ਕੁੰਡਲ, ਜਿਲਾ ਬੀਕਾਨੇਰ, ਰਾਜਸਥਾਨ ਤੋਂ ਵਿਜੀਲੈਂਸ ਬਿਊਰੋ, ਕਪੂਰਥਲਾ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ। ਇਸ ਮੁਕੱਦਮੇ ਦੀ ਹੋਰ ਪੜਤਾਲ ਜਾਰੀ ਹੈ।
- +91 99148 68600
- info@livepunjabnews.com