ਜਲੰਧਰ, 3 ਜੂਨ : ਖਾਣ-ਪੀਣ ਵਾਲੇ ਪਦਾਰਥਾਂ ਵਿੱਚ ਮਿਲਾਵਟ ਨੂੰ ਰੋਕਣ ਲਈ ਚੁੱਕੇ ਜਾ ਰਹੇ ਕਦਮਾਂ ਦੀ ਲੜੀ ਤਹਿਤ ਫੂਡ ਸੇਫ਼ਟੀ ਟੀਮ ਜਲੰਧਰ ਵੱਲੋਂ ਕਮਿਸ਼ਨਰ ਫੂਡ ਅਤੇ ਡਰੱਗ ਐਡਮਿਨੀਸਟ੍ਰੇਸ਼ਨ ਦਿਲਰਾਜ ਸਿੰਘ ਦੀਆਂ ਹਦਾਇਤਾਂ ’ਤੇ ਅੱਜ ਵੱਖ-ਵੱਖ ਇਲਾਕਿਆਂ ਵਿੱਚ ਨਿਰੀਖਣ ਦੌਰਾਨ ਖਾਣ-ਪੀਣ ਵਾਲੇ ਪਦਾਰਥਾਂ ਦੇ 8 ਸੈਂਪਲ ਭਰੇ ਗਏ।
ਸਹਾਇਕ ਕਮਿਸ਼ਨਰ ਫੂਡ ਹਰਜੋਤ ਪਾਲ ਸਿੰਘ ਅਤੇ ਫੂਡ ਸੇਫਟੀ ਅਫ਼ਸਰ ਰਾਸ਼ੂ ਮਹਾਜਨ ਦੀ ਨਿਗਰਾਨੀ ਹੇਠ ਫੂਡ ਟੀਮ ਵੱਲੋਂ ਭੋਗਪੁਰ, ਕਿਸ਼ਨਗੜ੍ਹ ਅਤੇ ਸਰਮਸਤਪੁਰ ਇਲਾਕਿਆਂ ਵਿੱਚ ਖਾਧ ਪਦਾਰਥਾਂ ਨਾਲ ਸਬੰਧਤ ਅਦਾਰਿਆਂ ਦਾ ਨਿਰੀਖਣ ਕੀਤਾ ਗਿਆ ਅਤੇ ਅਗਲੇਰੀ ਜਾਂਚ ਲਈ ਆਟਾ, ਸਰ੍ਹੋਂ ਦਾ ਤੇਲ, ਗ੍ਰੇਵੀ, ਕਾਲਾ ਨਮਕ, ਪਾਨ ਮਸਾਲਾ, ਅੰਜੀਰ, ਬੇਸਨ ਸਮੇਤ ਖਾਣ-ਪੀਣ ਵਾਲੀਆਂ ਵਸਤੂਆਂ ਦੇ ਕੁੱਲ 8 ਨਮੂਨੇ ਲਏ ਗਏ। ਇਸ ਦੌਰਾਨ ਖਾਧ ਪਦਾਰਥ ਵੇਚਣ ਵਾਲਿਆਂ ਨੂੰ ਆਪਣੀ ਸਾਲਾਨਾ ਆਮਦਨ ਅਨੁਸਾਰ ਫੂਡ ਸੇਫਟੀ ਐਕਟ ਅਧੀਨ ਲਾਇਸੈਂਸ ਪ੍ਰਾਪਤ ਕਰਨ ਲਈ ਜਾਗਰੂਕ ਵੀ ਕੀਤਾ ਗਿਆ।
