ਸਰਕਾਰੀ ਕਾਲਜ ਤਲਵਾੜਾ ਵਿੱਚ ਮਨਾਇਆ ਗਿਆ ਵਿਸ਼ਵ ਵਾਤਾਵਰਣ ਦਿਵਸ

ਤਲਵਾੜਾ(ਸੋਨੂੰ ਥਾਪਰ) – ਮਹੰਤ ਰਾਮ ਪ੍ਰਕਾਸ਼ ਦਾਸ ਸਰਕਾਰੀ ਕਾਲਜ, ਤਲਵਾੜਾ ਵਿੱਚ ਪ੍ਰਿੰਸੀਪਲ ਗੁਰਮੀਤ ਸਿੰਘ ਦੀ ਅਗਵਾਈ ਤੇ ਈਕੋ ਕਲੱਬ ਅਤੇ ਐਨ.ਐਸ.ਐਸ ਕਲੱਬ ਦੇ ਸਮੂਹਿਕ ਸਹਿਯੋਗ ਨਾਲ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਗਿਆ।

ਕਾਲਜ ਮੀਡੀਆ ਸੈੱਲ ਦੇ ਇੰਚਾਰਜ ਪ੍ਰੋ. ਅਜੈ ਕੁਮਾਰ ਅਰਸ਼ ਨੇ ਕਿਹਾ ਕਿ ਇਸ ਸਾਲ ਦੇ ਵਿਸ਼ਵ ਵਾਤਾਵਰਣ ਦਿਵਸ ਦਾ ਕੇਂਦਰ ਬਿੰਦੂ ” ਪਲਾਸਟਿਕ ਪ੍ਰਦੂਸ਼ਣ ਨੂੰ ਹਰਾਓ ” ਹੈ, ਜੋ ਤੇਜ਼ੀ ਨਾਲ ਵੱਧ ਰਹੇ ਵਿਸ਼ਵ ਪਲਾਸਟਿਕ ਸੰਕਟ ਨਾਲ ਨਜਿੱਠਣ ਦੀ ਤੁਰੰਤ ਲੋੜ ਨੂੰ ਉਜਾਗਰ ਕਰਦਾ ਹੈ । ਇਹ ਮੁਹਿੰਮ ਵਾਤਾਵਰਣ ਪ੍ਰਣਾਲੀ, ਮਨੁੱਖੀ ਸਿਹਤ ਅਤੇ ਜਲਵਾਯੂ ‘ਤੇ ਪਲਾਸਟਿਕ ਰਹਿੰਦ-ਖੂੰਹਦ ਦੇ ਨੁਕਸਾਨਦੇਹ ਪ੍ਰਭਾਵਾਂ ਨੂੰ ਰੇਖਾਂਕਿਤ ਕਰਦੀ ਹੈ ।
ਇਸ ਸਮਾਗਮ ਦੀ ਸ਼ੁਰੂਆਤ ਕਾਲਜ ਦੇ ਸੇਵਾ-ਮੁਕਤ ਪ੍ਰਿੰਸੀਪਲ ਸੋਹਣ ਲਾਲ ਧਾਮੀ ਦੁਆਰਾ ਪੌਦਾ ਲਗਾਉਣ ਨਾਲ ਕੀਤੀ ਗਈ।

ਪ੍ਰਿੰਸੀਪਲ ਗੁਰਮੀਤ ਸਿੰਘ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪਲਾਸਟਿਕ ਪ੍ਰਦੂਸ਼ਣ ਸਾਡੇ ਗ੍ਰਹਿ ਦੇ ਹਰ ਕੋਨੇ ਵਿੱਚ ਸਮੁੰਦਰ ਦੀ ਡੂੰਘਾਈ ਤੋਂ ਲੈ ਕੇ ਪਹਾੜਾਂ ਦੀਆਂ ਚੋਟੀਆਂ ਤੱਕ ਅਤੇ ਇੱਥੋਂ ਤੱਕ ਕਿ ਸਾਡੇ ਸਰੀਰ ਦੇ ਅੰਦਰ ਵੀ ਮਾਈਕ੍ਰੋਪਲਾਸਟਿਕਸ ਦੇ ਰੂਪ ‘ਚ ਪ੍ਰਵੇਸ਼ ਕਰ ਗਿਆ ਹੈ । ਹਰ ਸਾਲ ਲਗਭਗ 19 ਤੋਂ 23 ਮਿਲੀਅਨ ਟਨ ਪਲਾਸਟਿਕ ਰਹਿੰਦ-ਖੂੰਹਦ ਜਲ-ਪਰਿਆਵਰਣ ਪ੍ਰਣਾਲੀਆਂ ਵਿੱਚ ਖਤਮ ਹੁੰਦਾ ਹੈ, ਜੋ ਸਮੁੰਦਰੀ ਜੀਵਨ ਅਤੇ ਜੈਵ-ਵਿਭਿੰਨਤਾ ਲਈ ਗੰਭੀਰ ਖ਼ਤਰਾ ਪੈਦਾ ਕਰਦਾ ਹੈ ।

ਈਕੋ ਕਲੱਬ ਦੇ ਇੰਚਾਰਜ ਪ੍ਰੋ. ਦਰਪਨ ਚੌਧਰੀ ਨੇ ਕਿਹਾ ਕਿ ਇਹ ਮੁਹਿੰਮ ਵਿਅਕਤੀਆਂ, ਭਾਈਚਾਰਿਆਂ ਅਤੇ ਸਰਕਾਰਾਂ ਨੂੰ ਟਿਕਾਊ ਜੀਵਨ ਸ਼ੈਲੀ ਅਪਣਾਉਣ, ਸਿੰਗਲ-ਯੂਜ਼ ਪਲਾਸਟਿਕ ਨੂੰ ਘਟਾਉਣ ਤੇ ਸਰਕੁਲਰ ਅਰਥਵਿਵਸਥਾ ਨੂੰ ਉਤਸ਼ਾਹਿਤ ਕਰਨ ਵਾਲੀਆਂ ਨੀਤੀਆਂ ਦਾ ਸਮਰਥਨ ਕਰਨ ਲਈ ਪ੍ਰੇਰਿਤ ਕਰਦੀ ਹੈ ।
ਸੇਵਾਮੁਕਤ ਪ੍ਰਿੰਸੀਪਲ ਸੋਹਣ ਲਾਲ ਧਾਮੀ ਨੇ ਕਿਹਾ ਕਿ ਕੁਦਰਤ ਤੋਂ ਪ੍ਰੇਰਨਾ ਲੈ ਕੇ ਅਤੇ ਅਸਲ-ਸੰਸਾਰ ਹੱਲ ਪੇਸ਼ ਕਰਕੇ, ਇਹ ਮੁਹਿੰਮ ਪਲਾਸਟਿਕ ਪ੍ਰਦੂਸ਼ਣ ਦਾ ਮੁਕਾਬਲਾ ਕਰਨ ਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਡੇ ਵਾਤਾਵਰਣ ਦੀ ਰੱਖਿਆ ਲਈ ਸਮੂਹਿਕ ਯਤਨਾਂ ਨੂੰ ਉਤਸ਼ਾਹਿਤ ਕਰਦੀ ਹੈ ।

ਇਸ ਮੌਕੇ ਸਟਾਫ਼ ਅਤੇ ਵਿਦਿਆਰਥੀਆਂ ਦੁਆਰਾ ਵਾਤਾਵਰਣ ਨੂੰ ਸੁਰੱਖਿਅਤ, ਸਾਫ਼ ਸੁਥਰਾ ਰੱਖਣ ਤੇ ਪਲਾਸਟਿਕ ਦੀ ਵਰਤੋਂ ਨਾ ਕਰਨ ਸੰਬੰਧੀ ਸਹੁੰ ਚੁੱਕੀ ਗਈ । ਇਸ ਅਫਸਰ ਉੱਤੇ ਕਾਲਜ ਰਜਿਸਟਰਾਰ ਪ੍ਰੋ. ਅਜੈ ਕੁਮਾਰ ਅਰਸ਼, ਪ੍ਰੋ. ਸੀਮਾ ਜਸਲ, ਪ੍ਰੋ. ਸੁਮਨ ਸ਼ਰਮਾ, ਪ੍ਰੋ. ਨੀਤਿਕਾ ਦੇਵੀ, ਦਫ਼ਤਰੀ ਸਟਾਫ਼ ‘ਚੋਂ ਸ਼ਬਨਮ ਕੁਮਾਰ, ਗੁਰਦਿਆਲ ਸਿੰਘ, ਕਿਸ਼ੋਰੀ ਲਾਲ ਅਤੇ ਵਿਦਿਆਰਥੀ ਮੌਜੂਦ ਸਨ ।

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top