ਜਲੰਧਰ, 05 ਜੁਲਾਈ (ਦਲਜੀਤ ਸਿੰਘ ਕਲਸੀ )- ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ 430ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਛੇਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਪੰਜ ਤੀਰਥ ਸਾਹਿਬ ਪਾਤਸ਼ਾਹੀ ਛੇਵੀਂ ਜੰਡੂ ਸਿੰਘਾ ਵਿਖੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸਲਾਨਾ ਮਹਾਨ ਗੁਰਮਤਿ ਸਮਾਗਮ ਕਰਵਾਏ ਗਏ। ਇਹਨਾਂ ਸਮਾਗਮਾਂ ਨੂੰ ਸਮਰਪਿਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਰੀਬ 150 ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਮੌਕੇ ਮਿਤੀ 02 ਜੁਲਾਈ ਮਹਾਨ ਨਗਰ ਕੀਰਤਨ ਸਜਾਇਆ ਗਿਆ ਜੋ ਕਿ ਵੱਖ-ਵੱਖ ਪਿੰਡਾਂ ਵਿੱਚੋਂ ਹੁੰਦਾ ਹੋਇਆ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਇਆ। ਮਿਤੀ 03 ਜੁਲਾਈ ਨੂੰ ਨਿਸ਼ਾਂਨ ਸਾਹਿਬ ਦੇ ਚੋਲਾ ਬਦਲਣ ਦੀ ਸੇਵਾ ਕੀਤੀ ਗਈ। ਮਿਤੀ 04 ਜੁਲਾਈ ਨੂੰ ਮਹਾਨ ਢਾਡੀ ਦਰਬਾਰ ਸਜਾਇਆ ਗਿਆ। ਜਿਸ ਦੌਰਾਨ ਪੰਥ ਪ੍ਰਸਿੱਧ ਢਾਡੀ ਜੱਥਿਆਂ ਵੱਲੋਂ ਆਪਣੀ ਹਾਜ਼ਰੀ ਲਗਵਾਈ ਗਈ।

ਅਖੀਰ ਅੱਜ ਮਿਤੀ 05 ਜੁਲਾਈ ਨੂੰ ਸਵੇਰੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਉਪਰੰਤ ਦੀਵਾਨ ਹਾਲ ਵਿੱਚ ਮਹਾਨ ਕੀਰਤਨ ਦਰਬਾਰ ਸਜਾਇਆ ਗਿਆ। ਜਿਸ ਦੌਰਾਨ ਭਾਈ ਕਰਮ ਸਿੰਘ ਜਲੰਧਰ, ਭਾਈ ਸ਼ਮਸ਼ੇਰ ਸਿੰਘ ਜਲੰਧਰ, ਭਾਈ ਜਗਦੀਪ ਸਿੰਘ ਹਜ਼ਾਰਾ, ਭਾਈ ਗੁਰਦੀਪ ਸਿੰਘ ਪਲਾਹੀ, ਭਾਈ ਅਮਰਜੀਤ ਸਿੰਘ ਜੰਡੂ ਸਿੰਘਾ ਵਾਲਿਆਂ ਦੇ ਜਥਿਆਂ ਵੱਲੋਂ ਆਈਆਂ ਹੋਈਆਂ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਪੰਥ ਪ੍ਰਸਿੱਧ ਢਾਡੀ ਬਿਮਲਜੀਤ ਸਿੰਘ ਖਾਲਸਾ ਵੱਲੋਂ ਬਾਖੂਬੀ ਨਿਭਾਈ ਗਈ। ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਏ ਹੋਏ ਪਤਵੰਤੇ ਸੱਜਣ ਅਤੇ ਸੇਵਾ ਵਿੱਚ ਯੋਗਦਾਨ ਪਾਉਣ ਵਾਲੇ ਸੇਵਾਦਾਰਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਧਾਨ ਭੁਪਿੰਦਰ ਸਿੰਘ ਸੰਘਾ, ਅਮਰਜੀਤ ਸਿੰਘ, ਕਰਨੈਲ ਸਿੰਘ, ਭਾਈ ਗੁਰਦੇਵ ਸਿੰਘ, ਕੇਹਰ ਸਿੰਘ ਜੋਹਲ, ਰਣਜੀਤ ਸਿੰਘ, ਜਸਪਾਲ ਸਿੰਘ ਲਾਲੀ ਅਤੇ ਇਲਾਕੇ ਦੀਆਂ ਸੰਗਤਾਂ ਹਾਜ਼ਰ ਸਨ।
